ਅਦਾਕਾਰੀ ਖੇਤਰ ‘ਚ ਅੱਜ ਅਭਿਨੇਤਰੀਆਂ ਵੀ ਅਭਿਨੇਤਾਵਾਂ ਵਾਂਗ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਪਹਿਲਾਂ ਦੇ ਮੁਕਾਬਲੇ ਅੱਜ ਦੀਆਂ ਫ਼ਿਲਮਾਂ ‘ਚ ਅਭਿਨੇਤਰੀਆਂ ਦੇ ਕਿਰਦਾਰ ਕਾਫ਼ੀ ਦਮਦਾਰ ਹੁੰਦੇ ਹਨ …
ਹਿੰਦੀ ਫ਼ਿਲਮ ਇੰਡਸਟਰੀ ਨੂੰ ਅਜੋਕੀਆਂ ਅਭਿਨੇਤਰੀਆਂ ਆਪਣੀ ਅਦਾਕਾਰੀ ਦੇ ਦਮ ‘ਤੇ ਕਈ ਸੁਪਰਹਿੱਟ ਫ਼ਿਲਮਾਂ ਦੇ ਰਹੀਆਂ ਹਨ …
ਬੌਲੀਵੁਡ ‘ਚ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਬਣੀਆਂ ਹਨ ਜੋ ਔਰਤਾਂ ‘ਤੇ ਆਧਾਰਿਤ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਸੁਪਰਹਿੱਟ ਰਹੀਆਂ। ਇਹ ਫ਼ਿਲਮਾਂ ਔਰਤਾਂ ‘ਚ ਜਾਗਰੂਕਤਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ …
ਕੋਈ ਸਮਾਂ ਹੁੰਦਾ ਸੀ ਜਦੋਂ ਔਰਤਾਂ ਨੂੰ ਭਾਰਤ ਵਿੱਚ ਪਰਦੇ ‘ਚ ਰਹਿਣਾ ਪੈਂਦਾ ਸੀ। ਓਦੋਂ ਇਸ ਪਰਦਾ ਪ੍ਰਥਾ ਦੇ ਨਾਲ-ਨਾਲ ਉਨ੍ਹਾਂ ‘ਤੇ ਹੋਰ ਵੀ ਕਈ ਪਾਬੰਦੀਆਂ ਲੱਗੀਆਂ ਹੋਈਆ ਸਨ ਜਿਵੇਂ ਇਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ; ਉੱਚੀ ਆਵਾਜ਼ ‘ਚ ਗੱਲ ਨਹੀਂ ਕਰਨੀ, ਆਦਿ। ਸਮੇਂ ਦੀ ਤਬਦੀਲੀ ਨਾਲ ਹੌਲੀ-ਹੌਲੀ ਦੇਸ਼ ਬਦਲਦਾ ਗਿਆ ਅਤੇ ਲੋਕਾਂ ਦੀ ਸੋਚ ਵੀ ਔਰਤਾਂ ਪ੍ਰਤੀ ਬਦਲਦੀ ਗਈ। ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਲੱਗੇ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਔਰਤਾਂ ਵੀ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਖੇਤਰ ‘ਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ।
ਵੈਸੇ ਭਾਵੇਂ ਅੱਜ ਦੇ ਭਾਰਤ ਦੀਆਂ ਔਰਤਾਂ ਵਿਗਿਆਨ, ਡਾਕਟਰੀ, ਵਕਾਲਤ, ਅਦਾਕਾਰੀ, ਦੇਸ਼ ਦੀ ਰੱਖਿਆ ਲਈ ਪੁਲਿਸ ਅਤੇ ਫ਼ੌਜ ਆਦਿ ਦੇ ਖੇਤਰਾਂ ‘ਚ ਅਹਿਮ ਯੋਗਦਾਨ ਪਾ ਰਹੀਆਂ ਹਨ, ਪਰ ਫ਼ਿਰ ਵੀ ਕਿਤੇ ਨਾ ਕਿਤੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੌਲੀਵੁਡ ਇੰਡਸਟਰੀ ‘ਚ ਕਈ ਅਜਿਹੀਆਂ ਫ਼ਿਲਮਾਂ ਬਣੀਆਂ ਹਨ ਜਿਨ੍ਹਾਂ ਨੇ ਔਰਤਾਂ ‘ਚ ਜਾਗਰੂਕਤਾ ਲਿਆਂਦੀ ਹੈ। ਇਹ ਫ਼ਿਲਮਾਂ ਪਰਦੇ ‘ਤੇ ਸੁਪਰਹਿੱਟ ਸਾਬਿਤ ਹੋਈਆਂ ਹਨ। ਇਸ ਹਫ਼ਤੇ ਅਜਿਹੀਆਂ ਹੀ ਕੁੱਝ ਅਭਿਨੇਤਰੀਆਂ ਦੇ ਮੁੱਖ ਕਿਰਦਾਰ ਵਾਲੀਆਂ ਫ਼ਿਲਮਾਂ ਬਾਰੇ ਅਸੀਂ ਤੁਹਾਡੇ ਨਾਲ ਜ਼ਿਕਰ ਕਰਨ ਜਾ ਰਹੇ ਹਾਂ। ਆਓ, ਇਨ੍ਹਾਂ ਫ਼ਿਲਮਾਂ ਅਤੇ ਇਨ੍ਹਾਂ ‘ਚ ਅਭਿਨੇਤਰੀਆਂ ਵਲੋਂ ਨਿਭਾਏ ਗਏ ਕਿਰਦਾਰਾਂ ਉੱਪਰ ਇੱਕ ਨਜ਼ਰ ਮਾਰੀਏ।
ਇੰਗਲਿਸ਼ ਵਿੰਗਲਿਸ਼ – ਮਰਹੂਮ ਅਭਿਨੇਤਰੀ ਸ਼੍ਰੀਦੇਵੀ ਦੀ ਫ਼ਿਲਮ ਇੰਗਲਿਸ਼ ਵਿੰਗਲਿਸ਼ (2012) ਵੀ ਔਰਤਾਂ ਪ੍ਰਤੀ ਸਮਾਜ ਦੀ ਸੋਚ ਨੂੰ ਬਦਲਣ ਲਈ ਮਜਬੂਰ ਕਰਦੀ ਸੀ। ਇਸ ‘ਚ ਸ਼੍ਰੀਦੇਵੀ ਨੇ ਇੱਕ ਸਧਾਰਣ ਘਰ ਦੀ ਕਹਾਣੀ ਨੂੰ ਪਰਦੇ ‘ਤੇ ਬਾਖ਼ੂਬੀ ਪੇਸ਼ ਕੀਤਾ ਸੀ। ਇਸ ਦਾ ਨਿਰਦੇਸ਼ਨ ਗੌਰੀ ਸ਼ਿੰਦੇ ਦੁਆਰਾ ਕੀਤਾ ਗਿਆ ਸੀ। ਫ਼ਿਲਮ ਨੂੰ ਕਈ ਐਵਾਰਡ ਵੀ ਮਿਲੇ। ਇਸ ਫ਼ਿਲਮ ‘ਚ ਸ਼੍ਰੀਦੇਵੀ ਦੀ ਅਦਾਕਾਰੀ ਦੇਖਣ ਵਾਲੀ ਹੈ ਜਿਸ ਨੇ ਦਰਸ਼ਕਾਂ ਅਤੇ ਸਮੀਖਅਕਾਂ
ਪੀਕੂ – ਦੀਪਿਕਾ ਪਾਦੁਕੋਣ ਨੇ ਸਾਲ 2015 ਵਿੱਚ ਰਿਲੀਜ਼ ਹੋਈ ਫ਼ਿਲਮ ਪੀਕੂ ‘ਚ ਸ਼ਾਨਦਾਰ ਭੂਮਿਕਾ ਨਿਭਾਈ ਸੀ। ਇਹ ਇੱਕ ਜਾਗਰੂਕ ਅਤੇ ਜ਼ਿੰਦਾਦਿਲ ਔਰਤ ਦੀ ਕਹਾਣੀ ‘ਤੇ ਆਧਾਰਿਤ ਫ਼ਿਲਮ ਸੀ ਜੋ ਅਜੋਕੇ ਜ਼ਮਾਨੇ ਦੇ ਆਧੁਨਿਕ ਵਿਚਾਰਾਂ ਅਤੇ ਆਪਣੇ ਪਰਿਵਾਰ ਤੋਂ ਮਿਲੀ ਸਿਖਿਆ ਦਾ ਖ਼ਿਆਲ ਬਰਾਬਰ ਰੱਖਦੀ ਹੈ। ਇਹ ਫ਼ਿਲਮ ਵੀ ਔਰਤ ਕਿਰਦਾਰ ‘ਤੇ ਕੇਂਦਰੀਤ ਸੀ।
ਕੁਈਨ – ਅਜੋਕੇ ਦੌਰ ਦੀਆਂ ਕੁੜੀਆਂ ਦੀ ਚਰਚਾ ਹੋਵੇ ਤਾਂ ਕੰਗਨਾ ਰਨੌਤ ਦੀ ਫ਼ਿਲਮ ਕੁਈਨ (2014) ਦਾ ਨਾਂ ਵੀ ਜ਼ਰੂਰ ਸਾਹਮਣੇ ਆਉਾਂਦਾਹੈ। ਛੋਟੇ ਸ਼ਹਿਰ ਦੀ ਬਿਲਕੁਲ ਸਹੀ ਕਹਾਣੀ ਜੋ ਅਕਸਰ ਵੇਖਣ ਨੂੰ ਮਿਲਦੀ ਹੈ, ਇਸ ਫ਼ਿਲਮ ‘ਚ ਦਿਖਾਈ ਗਈ ਸੀ। ਇੱਕ ਮੁਟਿਆਰ ਖ਼ੁਦ ਨੂੰ ਕਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਮਜ਼ਬੂਤ ਬਣਾਉਂਦੀ ਹੈ, ਇਹ ਸਭ ਇਸ ਫ਼ਿਲਮ ‘ਚ ਵਿਖਾਇਆ ਗਿਆ ਸੀ। ਕੰਗਨਾ ਦਾ ਇਹ ਕਿਰਦਾਰ ਯਾਦਗਾਰੀ ਹੋ ਨਿਬੜਿਆ ਅਤੇ ਉਸ ਨੂੰ ਇਸ ਫ਼ਿਲਮ ਲਈ ਬੈੱਸਟ ਐਕਟਰਸ ਦਾ ਐਵਾਰਡ ਵੀ ਮਿਲਿਆ ਸੀ।
ਨੀਰਜਾ – ਫ਼ਿਲਮ ਨੀਰਜਾ ਸਾਲ 2016 ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਸੋਨਮ ਕਪੂਰ ਨੇ ਇੱਕ ਫ਼ਲਾਈਟ ਅਟੈਂਡੈਂਟ ਨੀਰਜਾ ਭਨੋਟ ਦਾ ਕਿਰਦਾਰ ਨਿਭਾਇਆ ਸੀ। ਨੀਰਜਾ ਭਨੋਟ 1986 ਵਿੱਚ ਆਪਣੇ ਹਵਾਈ ਜਹਾਜ਼ ‘ਚ ਬੈਠੇ 359 ਯਾਤਰੀਆਂ ਨੂੰ ਅਤਿਵਾਦੀਆਂ ਤੋਂ ਬਚਾਉਂਦੀ ਹੋਈ ਸ਼ਹੀਦ ਹੋ ਗਈ ਸੀ। ਸੋਨਮ ਨੇ ਇਹ ਕਿਰਦਾਰ ਬਾਖ਼ੂਬੀ ਨਿਭਾਇਆ ਜਿਸ ਦੀ ਆਲੋਚਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਤਾਰੀਫ਼ ਕੀਤੀ ਗਈ ਸੀ। ਸੋਨਮ ਕਪੂਰ ਦਾ ਇਹ ਕਿਰਦਾਰ ਔਰਤਾਂ ਅੰਦਰ ਬਹਾਦਰੀ ਦਾ ਜਜ਼ਬਾ ਪੈਦਾ ਕਰਦਾ ਹੈ।
ਗ਼ੁਲਾਬ ਗੈਂਗ – ਨਿਰਦੇਸ਼ਕ ਸੌਮਿਕ ਸੇਨ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਗ਼ੁਲਾਬ ਗੈਂਗ 2014 ‘ਚ ਔਰਤਾਂ ‘ਤੇ ਆਧਾਰਿਤ ਹਿੱਟ ਫ਼ਿਲਮ ਸਾਬਿਤ ਹੋਈ ਸੀ। ਇਸ ਵਿੱਚ ਮਾਧੁਰੀ ਦੀਕਸ਼ਿਤ ਅਤੇ ਜੂਹੀ ਚਾਵਲਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। 61ਵੇਂ ਰਾਸ਼ਟਰੀ ਫ਼ਿਲਮ ਸਮਾਰੋਹ ‘ਚ ਇਸ ਨੂੰ ਸਮਾਜਿਕ ਮੁੱਦਿਆਂ ਨਾਲ ਜੁੜੀ ਸਭ ਤੋਂ ਵਧੀਆ ਹਿੰਦੀ ਫ਼ਿਲਮ ਦਾ ਪੁਰਸਕਾਰ ਮਿਲਿਆ। ਫ਼ਿਲਮ ‘ਚ ਔਰਤਾਂ ਦਾ ਇੱਕ ਗੈਂਗ ਦਿਖਾਇਆ ਗਿਆ ਸੀ ਜੋ ਔਰਤਾਂ ਦੇ ਹੱਕਾਂ ਲਈ ਲੜਦਾ ਸੀ।
ਕਹਾਨੀ – ਸਾਲ 2012 ਵਿੱਚ ਰਿਲੀਜ਼ ਹੋਈ ਕਹਾਨੀ ਇੱਕ ਅਜਿਹੀ ਗਰਭਵਤੀ ਔਰਤ ਦੇ ਕਿਰਦਾਰ ‘ਤੇ ਆਧਾਰਿਤ ਫ਼ਿਲਮ ਸੀ ਜੋ ਆਪਣੇ ਗ਼ੁੰਮਸ਼ੁਦਾ ਪਤੀ ਦੀ ਤਲਾਸ਼ ‘ਚ ਭਟਕਦੀ ਹੈ ਅਤੇ ਹਰ ਮੁਸ਼ਕਿਲ ਦੌਰ ਦਾ ਸਾਹਮਣਾ ਕਰ ਕੇ ਅਖ਼ੀਰ ਸਫ਼ਲ ਹੁੰਦੀ ਹੈ। ਇਹ ਕਿਰਦਾਰ ਪਰਦੇ ‘ਤੇ ਵਿਦਿਆ ਬਾਲਨ ਨੇ ਬਾਖ਼ੂਬੀ ਨਿਭਾਇਆ ਸੀ। ਇਸ ‘ਚ ਵਿਦਿਆ ਦੀ ਅਦਾਕਾਰੀ ਨੇ ਚੰਗੇ-ਚੰਗੇ ਅਦਾਕਾਰਾਂ ਨੂੰ ਪਿੱਛੇ ਛੱਡ ਦਿੱਤਾ।
ਮੈਰੀ ਕੌਮ – ਭਾਰਤੀ ਮਹਿਲਾ ਬਾਕਸਰ ਮੈਰੀ ਕੌਮ ‘ਤੇ ਬਣੀ ਬਾਇਓਪਿਕ ਮੈਰੀ ਕੌਮ ਸੁਪਰਹਿੱਟ ਰਹੀ। ਇਸ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਇੱਕ ਭਾਰਤੀ ਔਰਤ ਮੁਸ਼ਕਿਲ ਸਥਿਤੀਆਂ ‘ਚੋਂ ਲੰਘਦੀ ਹੋਈ ਖ਼ੁਦ ਨੂੰ ਤਰਾਸ਼ਦੀ ਹੈ ਅਤੇ ਆਪਣਾ ਮੁਕਾਮ ਹਾਸਿਲ ਕਰਦੀ ਹੈ। ਇਸ ‘ਚ ਪ੍ਰਿਅੰਕਾ ਚੋਪੜਾ ਨੇ ਮੈਰੀ ਕੌਮ ਦੀ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਔਰਤਾਂ ‘ਚ ਖੇਡਾਂ ਪ੍ਰਤੀ ਰੁਝਾਨ ਪੈਦਾ ਕਰਦੀ ਹੈ।
ਹਿਚਕੀ – 2018 ‘ਚ ਰਿਲੀਜ਼ ਹੋਈ ਰਾਣੀ ਮੁਖਰਜੀ ਦੀ ਫ਼ਿਲਮ ਹਿਚਕੀ ਵੀ ਇੱਕ ਔਰਤ ‘ਤੇ ਹੀ ਆਧਾਰਿਤ ਸੀ। ਇਸ ਵਿੱਚ ਰਾਣੀ ਨੇ ਇੱਕ ਅਜਿਹੀ ਟੀਚਰ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਬੋਲਣ ‘ਚ ਮੁਸ਼ਕਿਲ ਹੁੰਦੀ ਹੈ ਅਤੇ ਉਹ ਰੁਕ-ਰੁਕ ਕੇ ਬੋਲਦੀ ਹੈ, ਪਰ ਇਸ ਦੇ ਬਾਵਜੂਦ ਉਹ ਸਭ ਨੂੰ ਇੱਕ ਕਾਮਯਾਬ ਟੀਚਰ ਬਣ ਕੇ ਦਿਖਾਉਾਂਦੀਹੈ। ਇਸ ਵਿਚਲਾ ਰਾਣੀ ਦਾ ਕਿਰਦਾਰ ਔਰਤਾਂ ਅੰਦਰ ਇੱਕ ਜੋਸ਼ ਅਤੇ ਜਜ਼ਬਾ ਪੈਦਾ ਕਰਦਾ ਹੈ।
ਰਾਜ਼ੀ – ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਰਾਜ਼ੀ ‘ਚ ਅਦਾਕਾਰਾ ਆਲੀਆ ਭੱਟ ਨੇ ਦਮਦਾਰ ਅਦਾਕਾਰੀ ਦਿਖਾਈ ਸੀ। ਇਹ ਫ਼ਿਲਮ ਆਲੀਆ ਦੇ ਕਿਰਦਾਰ ‘ਤੇ ਹੀ ਕੇਂਦਰਿਤ ਸੀ। ਇਸ ‘ਚ ਆਲੀਆ ਨੇ ਇੱਕ ਜਾਸੂਸ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਜੋ ਪਾਕਿਸਤਾਨ ਜਾ ਕੇ ਭਾਰਤ ਲਈ ਜਾਸੂਸੀ ਕਰਦੀ ਹੈ। ਇਹ ਫ਼ਿਲਮ ਹਰਿੰਦਰ ਸਿੱਕਾ ਦੀ ਕਿਤਾਬ ਕਾਲਿੰਗ ਸਹਿਮਤ ‘ਤੇ ਆਧਾਰਿਤ ਹੈ। ਆਲੀਆ ਦਾ ਇਹ ਕਿਰਦਾਰ ਸਾਡੇ ਦੇਸ਼ ਦੀਆਂ ਔਰਤਾਂ ਅੰਦਰ ਦੇਸ਼ ਭਗਤੀ ਪੈਦਾ ਕਰਦਾ ਹੈ।