ਨਵੀਂ ਦਿੱਲੀ— ਸੁਪਰੀਮ ਕੋਰਟ ਨੇ ‘ਰਾਮ ਦੀ ਜਨਮ ਭੂਮੀ’ ਫਿਲਮ ਦੇ ਪ੍ਰਦਰਸ਼ਨ ਤੋਂ ਰੋਕ ਲਗਾਉਣ ਤੋਂ ਵੀਰਵਾਰ ਨੂੰ ਇਨਕਾਰ ਕਰ ਦਿੱਤਾ। ਇਹ ਫਿਲਮ 29 ਮਾਰਚ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਪ੍ਰਦਰਸ਼ਿਤ ਹੋਣ ਵਾਲੀ ਹੈ। ਫਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਜਸਟਿਸ ਐੱਸ.ਏ. ਬੋਬਡੇ ਦੀ ਪ੍ਰਧਾਨਗੀ ਵਾਲੀ ਇਕ ਬੈਂਚ ਦੇ ਸਾਹਮਣੇ ਆਈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਫਿਲਮ ਦੇ ਪ੍ਰਦਰਸ਼ਿਤ ਹੋਣ ਨਾਲ ਅਯੁੱਧਿਆ ਭੂਮੀ ਵਿਵਾਦ ‘ਚ ਜਾਰੀ ਵਿਚੋਲਗੀ ਦੀ ਪ੍ਰਕਿਰਿਆ ‘ਤੇ ਅਸਰ ਹੋਵੇਗਾ।
ਵਿਚੋਲਗੀ ਤੇ ਫਿਲਮ ਦੇ ਪ੍ਰਦਰਸ਼ਨ ‘ਚ ਕੋਈ ਸੰਬੰਧ ਨਹੀਂ
ਬੈਂਚ ਨੇ ਕਿਹਾ,”ਵਿਚੋਲਗੀ ਪ੍ਰਕਿਰਿਆ ਅਤੇ ਫਿਲਮ ਦੇ ਪ੍ਰਦਰਸ਼ਨ ਦਰਮਿਆਨ ਕੋਈ ਸੰਬੰਧ ਨਹੀਂ ਹੈ।” ਨਾਲ ਹੀ ਬੈਂਚ ਨੇ ਪਟੀਸ਼ਨ ‘ਤੇ 2 ਹਫਤਿਆਂ ਬਾਅਦ ਸੁਣਵਾਈ ਤੈਅ ਕੀਤੀ। ‘ਰਾਮ ਦੀ ਜਨਮ ਭੂਮੀ’ ਫਿਲਮ ਦਾ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਕੀਤਾ ਹੈ। ਫਿਲਮ ਦੀ ਕਹਾਣੀ ਵਿਵਾਦਪੂਰਨ ਰਾਮ ਮੰਦਰ ਮੁੱਦੇ ‘ਤੇ ਆਲੇ-ਦੁਆਲੇ ਘੁੰਮਦੀ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ੋਰਟ ਨੇ ਇਸੇ ਤਰ੍ਹਾਂ ਦੀ ਇਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਸੀ ਕਿ ਸੰਵਿਧਾਨ ਦੇ ਅਧੀਨ ਮਿਲੀ ਹਰ ਵਿਅਕਤੀ ਦੀ ਆਜ਼ਾਦੀ ਦੀ ਗਾਰੰਟੀ ਨੂੰ ਜੇਕਰ ਬਰਕਰਾਰ ਰੱਖਣਾ ਹੈ ਤਾਂ ਲੋਕਾਂ ਨੂੰ ਸਹਿਣਸ਼ੀਲ ਬਣਨਾ ਪਵੇਗਾ। ਕੋਰਟ ਨੇ ਇਹ ਟਿੱਪਣੀ ਯਾਕੂਬ ਹਬੀਬੁਦੀਨ ਤੂਸੀ ਨਾਮੀ ਵਿਅਕਤੀ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਕੀਤੀ। ਖੁਦ ਨੂੰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਵੰਸ਼ਜ ਦੱਸਣ ਵਾਲੇ ਤੂਸੀ ਨੇ ਫਿਲਮ ‘ਰਾਮ ਦੀ ਜਨਮ ਭੂਮੀ’ ਦੇ ਰਿਲੀਜ਼ ‘ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ।