ਮੁੰਬਈ – ਯੁਵਰਾਜ ਸਿੰਘ ਦਾ ਕ੍ਰਿਕਟ ਭਵਿੱਖ ਬੀਤੇ ਕੁੱਝ ਸਾਲਾਂ ਤੋਂ ਚਰਚਾ ਵਿੱਚ ਰਿਹਾ ਹੈ, ਪਰ ਇਸ ਕ੍ਰਿਕਟਰ ਨੇ ਕਿਹਾ ਕਿ ਜਦੋਂ ਉਸ ਨੂੰ ਲੱਗੇਗਾ ਕਿ ਸਮਾਂ ਆ ਗਿਆ ਹੈ ਤਾਂ ਉਹ ਸਭ ਤੋਂ ਪਹਿਲਾਂ ਸੰਨਿਆਸ ਲੈ ਲਵੇਗਾ। ਕੌਮੀ ਟੀਮ ਤੋਂ ਬਾਹਰ ਚੱਲ ਰਿਹਾ ਯੁਵਰਾਜ ਪਿਛਲੇ ਕੁੱਝ ਸਮੇਂ ਦੌਰਾਨ IPL ਵਿੱਚ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ, ਪਰ ਮੁੰਬਈ ਇੰਡੀਅਨਜ਼ ਵਲੋਂ ਖੇਡਦਿਆਂ ਉਸ ਨੇ ਆਪਣੇ ਨਵੇਂ ਸੈਸ਼ਨ ਦਾ ਸ਼ਾਨਦਾਰ ਆਗਾਜ਼ ਕੀਤਾ।
IPL ਦੇ ਪਹਿਲੇ ਮੈਚ ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਮੁੰਬਈ ਇੰਡੀਅਨਜ਼ ਦੀ 37 ਦੌੜਾਂ ਦੀ ਹਾਰ ਮਗਰੋਂ ਯੁਵਰਾਜ ਨੇ ਕਿਹਾ, ”ਜਦੋਂ ਸਮਾਂ ਆਏਗਾ ਤਾਂ ਮੈਂ ਸਭ ਤੋਂ ਪਹਿਲਾਂ ਸੰਨਿਆਸ ਲਵਾਂਗਾ ਅਤੇ ਆਪਣੇ ਖੇਡਣ ਵਾਲੇ ਸ਼ੂਜ਼ ਲਾਹ ਕੇ ਪਰ੍ਹਾਂ ਰੱਖ ਦੇਵਾਂਗਾ।” ਵਿਸ਼ਵ ਟੀ-20 2007 ਅਤੇ 2011 ਵਿਸ਼ਵ ਕੱਪ ਵਿੱਚ ਭਾਰਤ ਦੀ ਜਿੱਤ ਦੇ ਨਾਇਕ ਰਹੇ ਯੁਵਰਾਜ ਨੇ ਹਾਲਾਂਕਿ ਮੰਨਿਆ ਕਿ ਕਦੇ-ਕਦੇ ਖੇਡ ਜਾਰੀ ਰੱਖਣ ਬਾਰੇ ਉਹ ਬੇਯਕੀਨ ਹੋ ਜਾਂਦਾ ਹੈ।
ਰਿਸ਼ਭ ਪੰਤ ਦੀ ਪ੍ਰਸ਼ੰਸਾ ਕਰਦਿਆਂ ਯੁਵਰਾਜ ਨੇ ਕਿਹਾ ਕਿ ਉਸ ਨੂੰ ਅਜਿਹੇ ਢੰਗ ਨਾਲ ਤਰਾਸ਼ਣਾ ਚਾਹੀਦਾ ਹੈ ਕਿ ਉਹ ਭਾਰਤੀ ਕ੍ਰਿਕਟ ਵਿੱਚ ਅਗਲਾ ਵੱਡਾ ਖਿਡਾਰੀ ਬਣੇ। ਪੰਤ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਦਿੱਲੀ ਕੈਪੀਟਲਜ਼ ਵਲੋਂ ਖੇਡਦਿਆਂ 27 ਗੇਂਦਾਂ ਵਿੱਚ ਨਾਬਾਦ 78 ਦੌੜਾਂ ਦੀ ਪਾਰੀ ਖੇਡੀ ਜਿਸ ਮਗਰੋਂ ਯੁਵਰਾਜ ਨੇ ਉਸ ਦੀ ਤਾਰੀਫ਼ ਕੀਤੀ। ਮੁੰਬਈ ਦੀ ਟੀਮ ਦਿੱਲੀ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਵਿੱਚ ਅਸਫ਼ਲ ਰਹੀ, ਅਤੇ ਯੁਵਰਾਜ ਨੇ ਕਿਹਾ ਕਿ ਕਪਤਾਨ ਰੋਹਿਤ ਸ਼ਰਮਾ ਦੀ ਵਿਕਟ ਛੇਤੀ ਗੁਆਉਣ ਦਾ ਅਸਰ ਪਿਆ। ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ ਇੰਗ੍ਰਮ ਵੀ ਖ਼ੁਸ਼ ਹੈ ਕਿ ਪੰਤ ਪਿਛਲੇ ਸਾਲ ਦੇ ਪ੍ਰਦਰਸ਼ਨ ਨੂੰ ਅੱਗੇ ਵਧਾ ਰਿਹਾ ਹੈ।