ਗੁਜਰਾਤ— ਕਾਂਗਰਸ ਦੇ ਨੇਤਾ ਹਾਰਦਿਕ ਪਟੇਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜ ਸਕਣਗੇ। ਗੁਜਰਾਤ ਹਾਈ ਕੋਰਟ ਨੇ ਦੰਗਾ ਭੜਕਾਉਣ ਦੇ ਮਾਮਲੇ ‘ਚ ਹਾਰਦਿਕ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਰਦਿਕ ਨੂੰ ਮੇਹਸਾਣਾ ਦੇ ਵਿਸਨਗਰ ‘ਚ ਦੰਗਾ ਭੜਕਾਉਣ ਦੇ ਇਕ ਮਾਮਲੇ ‘ਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਹਾਰਦਿਕ ਨੇ ਗੁਜਰਾਤ ਹਾਈ ਕੋਰਟ ‘ਚ ਆਪਣੀ ਸਜ਼ਾ ‘ਤੇ ਰੋਕ ਲਗਾਉਣ ਲਈ ਇਕ ਪਟੀਸ਼ਨ ਦਾਇਰ ਕੀਤੀ ਸੀ ਤਾਂ ਕਿ ਉਹ ਲੋਕ ਸਭਾ ਚੋਣਾਂ ਲੜ ਸਕਣ ਪਰ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸਜ਼ਾ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਣ ਵਾਲੇ ਪਾਟੀਦਾਰ ਨੇਤਾ ਗੁਜਰਾਤ ਦੇ ਜਾਮਨਗਰ ਤੋਂ ਚੋਣਾਂ ਲੜਨ ਵਾਲੇ ਸਨ।
ਭਾਜਪਾ ਵਿਧਾਇਕ ਦੇ ਦਫ਼ਤਰ ‘ਚ ਕੀਤੀ ਸੀ ਭੰਨ-ਤੋੜ
ਦੱਸਣਯੋਗ ਹੈ ਕਿ ਹਾਰਦਿਕ ਨੂੰ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ‘ਚ ਭੰਨ-ਤੋੜ ਕਰਨ ਦੇ ਮਾਮਲੇ ‘ਚ ਵਿਸਨਗਰ ਕੋਰਟ ਨੇ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ 17 ਆਰੋਪੀਆਂ ‘ਚੋਂ 3 ਲੋਕਾਂ ਨੂੰ ਦੋਸ਼ੀ ਠਹਿਰਾਇਆ ਹੈ, ਉੱਥੇ ਹੀ 14 ਲੋਕਾਂ ਨੂੰ ਬਰੀ ਕਰ ਦਿੱਤਾ ਹੈ। 2015 ‘ਚ ਇਸ ਦੰਗਾ ਕੇਸ ‘ਚ ਹਾਰਦਿਕ ਪਟੇਲ ਤੋਂ ਇਲਾਵਾ ਲਾਲਜੀ ਪਟੇਲ ਨੂੰ ਮੇਹਸਾਣਾ ਦੀ ਵਿਸਨਗਰ ਕੋਰਟ ਨੇ ਦੋਸ਼ੀ ਠਹਿਰਾਇਆ ਹੈ। ਦੱਸਣਯੋਗ ਹੈ ਕਿ 2015 ‘ਚ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫ਼ਤਰ ‘ਤੇ ਹਮਲਾ ਹੋਇਆ ਸੀ।