ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੀ.ਡਬਲਿਊ.ਡੀ. ਠੇਕੇਦਾਰਾਂ ਅਤੇ ਇੰਜੀਨੀਅਰਾਂ ਦੇ ਇੱਥੇ ਤਲਾਸ਼ੀ ਲਏ ਜਾਣ ਦੇ ਵਿਰੋਧ ‘ਚ ਬੈਂਗਲੁਰੂ ‘ਚ ਆਮਦਨ ਟੈਕਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਨੂੰ ਲੈ ਕੇ ਜੇ.ਡੀ.ਐੱਸ. ਅਤੇ ਕਾਂਗਰਸ ਦੀ ਸ਼ਨੀਵਾਰ ਨੂੰ ਆਲੋਚਨਾ ਕੀਤੀ। ਜੇਤਲੀ ਨੇ ਆਪਣੇ ਇਕ ਬਲਾਗ ‘ਚ ਕਿਹਾ ਹੈ ਕਿ ਬੈਂਗਲੁਰੂ ਦਾ ਮਾਮਲਾ ਯੂ.ਪੀ.ਏ. 2 ਦੇ ਕੰਮਕਾਰ ਦੇ ਢੰਗ ਨੂੰ 2 ਤਰ੍ਹਾਂ ਨਾਲ ਪ੍ਰਦਰਸ਼ਿਤ ਕਰਦਾ ਹੈ- ਸਰਕਾਰੀ ਧਨ ਦੀ ਵਰਤੋਂ ਕਰੋ, ਖੁਦ ਨੂੰ ਫਾਇਦਾ ਪਹੁੰਚਾਉਣ ਲਈ ਇਸ ਨੂੰ ਠੇਕੇਦਾਰਾਂ ਅਤੇ ਲਾਭ ਲੈਣ ਵਾਲਿਆਂ ਰਾਹੀਂ ਇਸਤੇਮਾਲ ਕਰੋ ਅਤੇ ਫਿਰ ਸੰਘਵਾਦ ਲਈ ਜ਼ੁਬਾਨੀ ਹਮਦਰਦੀ ਜ਼ਾਹਰ ਕਰੋ ਅਤੇ ਜਦੋਂ ਸਾਰੇ ਅਫ਼ਸਰ ਆਉਣ, ਉਦੋਂ ਉਸ ਨੂੰ ਨਸ਼ਟ ਕਰ ਦਿਓ।”
ਦੱਸਣਯੋਗ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਦੀ ਅਗਵਾਈ ‘ਚ ਕਾਂਗਰਸ-ਜੇ.ਡੀ.ਐੱਸ. ਦੇ ਸੱਤਾਧਾਰੀ ਗਠਜੋੜ ਨੇ ਵੀਰਵਾਰ ਨੂੰ ਬੈਂਗਲੁਰੂ ‘ਚ ਆਮਦਨ ਟੈਕਸ ਵਿਭਾਗ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੀ ਪਾਰਟੀ ਦੇ ਲੋਕਾਂ ਅਤੇ ਹੋਰਾਂ ਵਿਰੁੱਧ ਰਾਜ ਵਿਆਪੀ ਕਾਰਵਾਈ ਕੀਤੇ ਜਾਣ ਦੇ ਵਿਰੋਧ ‘ਚ ਇਹ ਕਦਮ ਚੁੱਕਿਆ। ਜੇਤਲੀ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਕਿਸੇ ਰਾਜ ਦੇ ਮੁੱਖ ਮੰਤਰੀ ਆਮਦਨ ਟੈਕਸ ਵਿਭਾਗ ਦੀ ਤਲਾਸ਼ੀ ਲਈ ਸੜਕ ‘ਤੇ ਪ੍ਰਦਰਸ਼ਨ ‘ਚ ਸ਼ਾਮਲ ਹੋਏ ਹੋਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਜੇ.ਡੀ.ਐੱਸ. ਦੀ ਪ੍ਰਤੀਕਿਰਿਆ ਨਾਲ ਸ਼ੱਕ ਦੀ ਸੂਈਆ ਉਨ੍ਹਾਂ ‘ਤੇ ਜਾਂਦੀ ਹੈ। ਕੀ ਮੰਤਰੀ ਦੇ ਭਤੀਜੇ ਪੀ.ਡਬਲਿਊ.ਡੀ. ਠੇਕੇਦਾਰ ਸਨ, ਜਿਨ੍ਹਾਂ ਲਈ ਦਰਿਆਦਿਲੀ ਦਿਖਾਈ ਗਈ-ਕੀ ਇਹ ਭਰਾ-ਭਤੀਜਾਵਾਦ ਦਾ ਮਾਮਲਾ ਹੈ? ਉਨ੍ਹਾਂ ਨੇ ਕਿਹਾ ਕਿ ਇੱਥੇ ਤੱਕ ਕਿ ਆਮਦਨ ਟੈਕਸ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਕਿਸੇ ਸੰਸਦ ਮੈਂਬਰ, ਵਿਧਾਇਕ ਜਾਂ ਮੰਤਰੀ ਦੇ ਇੱਥੇ ਤਲਾਸ਼ੀ ਨਹੀਂ ਲਈ ਗਈ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਰਾਜ ਦਾ ਰੁਖ ਸੰਘਵਾਦ ਲਈ ਖਤਰਾ ਹੈ।