ਗਯਾ-ਲੋਕ ਸਭਾ ਖੇਤਰ ਤੋਂ ਹਿੰਦੋਸਤਾਨੀ ਆਵਾਮ ਮੋਰਚੇ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਦਾ ਅੱਜ ਭਾਵ ਸ਼ਨੀਵਾਰ ਨੂੰ ਬੇਲਾਗੰਜ ‘ਚ ਆਯੋਜਿਤ ਚੋਣ ਸਭਾ ਦੌਰਾਨ ਅਚਾਨਕ ਮੰਚ ਟੁੱਟ ਗਿਆ, ਜਿਸ ਕਾਰਨ ਸਭਾ ‘ਚ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਹੋ ਗਈ। ਚੋਣ ਮੰਚ ਟੁੱਟਣ ਕਾਰਨ ਜੀਤਨਰਾਮ ਮਾਂਝੀ ਅਤੇ ਕਈ ਹੋਰ ਨੇਤਾ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਅੱਜ ਜਦੋਂ ਜੀਤਨਰਾਮ ਮਾਂਝੀ ਗਯਾ ਜ਼ਿਲੇ ‘ਚ ਬੇਲਾਗੰਜ ਦੇ ਪੜਾਵ ਮੈਦਾਨ ‘ਚ ਆਯੋਜਿਤ ਚੋਣ ਸਭਾ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਮੰਚ ‘ਤੇ ਲਗਭਗ 4-5 ਦਰਜਨਾਂ ਨੇਤਾਵਾਂ ਅਤੇ ਵਰਕਰਾਂ ਦੇ ਆ ਜਾਣ ਕਾਰਨ ਮੰਚ ਅਚਾਨਕ ਟੁੱਟ ਗਿਆ। ਮੰਚ ਟੁੱਟਣ ਮੌਕੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਪਰ ਵਰਕਰਾਂ ਦੇ ਨਾਲ ਪੁਲਸ ਕਰਮਚਾਰੀਆਂ ਦੇ ਅਲਰਟ ਨਾਲ ਸਭਾ ਦਾ ਸੰਚਾਲਨ ਹੋ ਗਿਆ। ਹਾਦਸੇ ਸਮੇਂ ਹਿੰਦੋਸਤਾਨ ਅਵਾਮ ਮੋਰਚੇ ਦੇ ਉਮੀਦਵਾਰ ਜੀਤਨ ਰਾਮ ਮਾਂਝੀ ਦੇ ਨਾਲ ਜਹਾਨਾਬਾਦ ਤੋਂ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਉਮੀਦਵਾਰ ਅਤੇ ਵਿਧਾਇਕ ਸੁਰੇਂਦਰ ਯਾਦਵ ਵੀ ਮੌਜੂਦ ਸੀ।
ਇਸ ਤੋਂ ਇਲਾਵਾ ਰਾਜਦ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਲੋਕਾਂ ਨੂੰ ਸੰਬੋਧਿਤ ਕਰਨ ਵਾਲੇ ਸੀ ਪਰ ਤੇਜਸਵੀ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਆ ਜਾਣ ਕਾਰਨ ਇੱਥੇ ਨਹੀਂ ਪਹੁੰਚ ਸਕੇ। ਦੱਸਿਆ ਜਾਂਦਾ ਹੈ ਕਿ ਸ਼੍ਰੀ ਮਾਂਝੀ ਪਹਿਲੇ ਪੜਾਅ ਲਈ 11 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਗਯਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਆਪਣੇ ਪੱਖ ‘ਚ ਸਮਰੱਥਨ ਜੁਟਾਉਣ ਲਈ ਲਗਾਤਾਰ ਚੋਣਾਵੀ ਸਭਾਵਾਂ ਕਰ ਰਹੇ ਹਨ।