ਨਵੀਂ ਦਿੱਲੀ— ‘ਮੈਂ ਵੀ ਚੌਕੀਦਾਰ’ ਨਾਅਰਾ ਲਿਖੇ ਪੇਪਰ ਕੱਪ ਦੀ ਵਰਤੋਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਰੇਲਵੇ ਨੂੰ ਨਵਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਇਕ ਯਾਤਰੀ ਦੇ ਟਵੀਟ ਕਰਨ ਕਾਰਨ ਇਸ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਰੇਲਵੇ ਨੇ ਦੱਸਿਆ ਕਿ ਉਸ ਨੇ ਨਾਅਰੇ ਵਾਲੇ ਕੱਪਾਂ ਨੂੰ ਹਟਾ ਲਿਆ ਹੈ ਅਤੇ ਠੇਕੇਦਾਰ ਨੂੰ ਸਜ਼ਾ ਦਿੱਤੀ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਰੇਲਵੇ ਨੂੰ ਕਿਹਾ ਗਿਆ ਹੈ ਕਿ ਉਹ ਚੋਣ ਜ਼ਾਬਤਾ ਦੀ ਉਲੰਘਣਾ ‘ਤੇ ਸ਼ਨੀਵਾਰ ਸ਼ਾਮ ਤੱਕ ਪੂਰਾ ਜਵਾਬ ਦੇਣ। ਇਸ ਲਈ ਜ਼ਿੰਮੇਵਾਰ ਵਿਅਕਤੀ ਬਾਰੇ ਵੀ ਉਸ ਨੂੰ ਦੱਸਣ ਲਈ ਕਿਹਾ ਗਿਆ ਹੈ।
ਆਈ.ਆਰ.ਸੀ.ਟੀ.ਸੀ. (ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ) ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ‘ਚ ਕਿਹਾ,”ਅਜਿਹੀ ਖਬਰ ਹੈ ਕਿ ‘ਮੈਂ ਵੀ ਚੌਕੀਦਾਰ’ ਨਾਅਰੇ ਲਿਖੇ ਕੱਪ ‘ਚ ਚਾਹ ਦਿੱਤੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਨੂੰ ਆਈ.ਆਰ.ਸੀ.ਟੀ.ਸੀ. ਤੋਂ ਬਿਨਾਂ ਮਨਜ਼ੂਰੀ ਲਏ ਕੀਤਾ ਗਿਆ। ਡਿਊਟੀ ‘ਚ ਲਾਪਰਵਾਹੀ ਨੂੰ ਲੈ ਕੇ ਸੁਪਰਵਾਈਜ਼ਰ/ਪੈਂਟਰੀ ਇੰਚਾਰਜਾਂ ਤੋਂ ਜਵਾਬ ਮੰਗਿਆ ਗਿਆ ਹੈ। ਸੇਵਾ ਪ੍ਰਦਾਤਾ ‘ਤੇ ਇਕ ਲੱਖ ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ ਅਤੇ ਇਸ ਲਾਪਰਵਾਹੀ ਲਈ ਸੇਵਾ ਪ੍ਰਦਾਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।” ਨਾਅਰੇ ਲਿਖੇ ਇਨ੍ਹਾਂ ਕੱਪਾਂ ਦੀ ਵਰਤੋਂ 12040 ਕਾਠਗੋਦਾਮ ਸ਼ਤਾਬਦੀ ਟਰੇਨ ‘ਚ ਹੋਈ ਸੀ ਅੇਤ ਇਨ੍ਹਾਂ ‘ਚ ਲੋਕਾਂ ਨੂੰ ਚਾਹ ਦਿੱਤੀ ਗਈ ਸੀ।