ਅੰਮ੍ਰਿਤਸਰ : ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੂੰ ਖਡੂਰ ਸਾਹਿਬ ਤੋਂ ਮੈਦਾਨ ‘ਚ ਉਤਾਰੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵਾਪਸ ਲੈ ਕੇ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਹੈ। ਬ੍ਰਹਮਪੁਰਾ ਨੇ ਕਿਹਾ ਕਿ ਬੀਬੀ ਖਾਲੜਾ ਨੂੰ ਕੁਝ ਦਿਨ ਪਹਿਲਾਂ ਹੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਜੇ. ਜੇ. ਸਿੰਘ ਪਿਛਲੇ ਇਕ ਮਹੀਨੇ ਤੋਂ ਪਰਿਵਾਰ ਸਮੇਤ ਖਡੂਰ ਸਾਹਿਬ ਹਲਕੇ ਵਿਚ ਡਟੇ ਹੋਏ ਹਨ। ਲਿਹਾਜ਼ਾ ਜੇ. ਜੇ. ਸਿੰਘ ਨੂੰ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਉਹ ਸੁਖਪਾਲ ਖਹਿਰਾ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੂੰ ਅਪੀਲ ਕਰਦੇ ਹਨ ਕਿ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਵਾਪਸ ਲੈ ਕੇ ਜੇ. ਜੇ. ਸਿੰਘ ਦੀ ਹਿਮਾਇਤ ਕਰਨ।
ਦੱਸਣਯੋਗ ਹੈ ਕਿ ਖਡੂਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਸੀਟ ‘ਤੇ ਜਲਦਬਾਜ਼ੀ ਵਿਚ ਉਮੀਦਵਾਰ ਐਲਾਨਣ ਦੇ ਚੱਲਦੇ ਹੀ ਅਕਾਲੀ ਦਲ ਟਕਸਾਲੀ ਦਾ ਪਹਿਲਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਅਤੇ ਫਿਰ ਆਮ ਆਦਮੀ ਪਾਰਟੀ ਨਾਲ ਗਠਜੋੜ ਸਿਰੇ ਨਹੀਂ ਸੀ ਚੜ੍ਹ ਸਕਿਆ। ਇਸ ਦਰਮਿਆਨ ਸੁਖਪਾਲ ਖਹਿਰਾ ਵਲੋਂ ਕਈ ਵਾਰ ਅਕਾਲੀ ਦਲ ਟਕਸਾਲੀ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਸ ਲੈਣ ਅਤੇ ਬੀਬੀ ਖਾਲੜਾ ਦੀ ਹਿਮਾਇਤ ਕਰਨ ਦੀ ਅਪੀਲੀ ਕੀਤੀ ਜਾਂਦੀ ਰਹੀ ਹੈ।