ਲਖਨਊ— ਰਾਹੁਲ ਗਾਂਧੀ ਵਲੋਂ ਪਹਿਲੀ ਵਾਰ ਦੋ ਲੋਕ ਸਭਾ ਸੀਟਾਂ ਤੋਂ ਚੋਣ ਲੜਨ ਦਾ ਐਲਾਨ ‘ਤੇ ਭਾਜਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਤੰਜ ਕੱਸਿਆ ਹੈ। ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਧਾਮਪੁਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਅਮੇਠੀ ਵਿਚ ਹਾਰ ਦੇ ਡਰ ਤੋਂ ਕੇਰਲ ਦੇ ਵਾਯਨਾਡ ਦੌੜ ਰਹੇ ਹਨ। ਸ਼ਾਹ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਗਲਤ ਰਾਜਨੀਤੀ ਕਰ ਰਹੇ ਹਨ। ਅਜੇ ਕੁਝ ਹੀ ਦਿਨ ਪਹਿਲਾਂ ਪੰਚਕੂਲਾ ਦੀ ਇਕ ਕੋਰਟ ਨੇ 2007 ਵਿਚ ਸਮਝੌਤਾ ਐਕਸਪ੍ਰੈੱਸ ਵਿਚ ਹੋਏ ਧਮਾਕੇ ‘ਤੇ ਫੈਸਲਾ ਦਿੱਤਾ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕਿਹਾ ਸੀ ਕਿ ਸਮਝੌਤਾ ਐਕਸਪ੍ਰੈੱਸ ਧਮਾਕਾ ਹਿੰਦੂ ਅੱਤਵਾਦ ਦਾ ਨਮੂਨਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਧਰਮ ਨਾਲ ਜੋੜਨ ਦਾ ਪਾਪ ਕਾਂਗਰਸ ਨੇ ਕੀਤਾ। ਕਾਂਗਰਸ ਨੇ ਹਿੰਦੂ ਭਾਈਚਾਰੇ ‘ਤੇ ਅੱਤਵਾਦ ਦਾ ਟੈਗ ਲਾਇਆ।
ਸ਼ਾਹ ਨੇ ਸਵਾਲ ਕੀਤਾ, ਹਿੰਦੂ ਕਦੇ ਅੱਤਵਾਦੀ ਹੋ ਸਕਦਾ ਹੈ ਕੀ? ਸ਼ਾਇਦ ਰਾਹੁਲ ਗਾਂਧੀ ਨੂੰ ਨਹੀਂ ਪਤਾ ਕਿ ਅਸੀਂ ਤਾਂ ਕੀੜੀਆਂ ਨੂੰ ਵੀ ਆਟਾ ਖੁਆਉਣ ਵਾਲੇ ਲੋਕ ਹਾਂ, ਲੋਕਾਂ ਨੂੰ ਕਿਵੇਂ ਮਾਰਾਂਗੇ। ਆਪਣੀ ਵੋਟ ਬੈਂਕ ਦੀ ਰਾਜਨੀਤੀ ਲਈ ਪੂਰੀ ਦੁਨੀਆ ‘ਚ ਹਿੰਦੂ ਭਾਈਚਾਰੇ ਨੂੰ ਬਦਨਾਮ ਕਰਨ ਦਾ ਪਾਪ ਕਾਂਗਰਸ ਨੇ ਕੀਤਾ ਹੈ। ਸ਼ਾਹ ਨੇ ਕਿਹਾ ਕਿ ਹਿੰਦੂਆਂ ਨੂੰ ਬਦਨਾਮ ਕਰਨ ਲਈ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।