ਗੁਰਦਾਸਪੁਰ : ਅੱਜ ਸਵੇਰੇ ਤੜਕਸਾਰ ਹੀ ਬੀ. ਐੱਸ. ਐੱਫ. 10 ਬਟਾਲੀਅਨ ਵਲੋਂ ਇਕ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਵੇਰੇ ਤੜਕਸਾਰ ਬੀ. ਐੱਸ. ਐੱਫ. ਦੇ ਜਵਾਨਾਂ ਦੀ ਟੁਕੜੀ ਨੰਗਲੀ ਪੋਸਟ ਲਾਗੇ ਗਸ਼ਤ ਕਰ ਰਹੀ ਸੀ ਕਿ ਇਸ ਦੌਰਾਨ ਪਾਕਿਸਤਾਨ ਵਲੋਂ ਇਕ 37 ਸਾਲਾ ਵਿਅਕਤੀ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ ‘ਚ ਵੜ ਗਿਆ। ਜਿਸ ਉਪਰੰਤ ਤੁਰੰਤ ਹਰਕਤ ‘ਚ ਆ ਕੇ ਜਵਾਨਾਂ ਨੇ ਧੁੱਸੀ ਬੰਨ੍ਹ ਦੇ ਅੱਗਿਓਂ ਉਸ ਨੂੰ ਕਾਬੂ ਕਰ ਲਿਆ।
ਬੀ. ਐੱਸ. ਐੱਫ. ਅਨੁਸਾਰ ਫੜੇ ਗਏ ਪਾਕਿ ਵਿਅਕਤੀ ਦੀ ਪਹਿਚਾਣ ਮੁਹੰਮਦ ਨਵਾਜ਼ ਪੁੱਤਰ ਰਫੀਕ ਅਹਿਮਦ ਵਾਸੀ ਉਂਚਾਲ ਕਰੌਲੀਆਂ (ਜ਼ਿਲਾ ਸਿਆਲਕੋਟ) ਵਜੋਂ ਹੋਈ ਹੈ ਤੇ ਉਸ ਕੋਲੋਂ 590 ਰੁਪਏ ਪਾਕਿਸਤਾਨੀ ਕਰੰਸੀ ਤੇ ਪਾਕਿਸਤਾਨੀ ਨਾਗਰਿਕਤਾ ਦਾ ਸ਼ਨਾਖਤੀ ਕਾਰਡ ਬਰਾਮਦ ਹੋਇਆ ਹੈ। ਇਸਦੇ ਇਲਾਵਾ ਉਕਤ ਪਾਕਿਸਤਾਨੀ ਨਾਗਰਿਕ ਦੇ ਆਈ. ਡੀ. ਕਾਰਡ ਤੋਂ ਪਤਾ ਲੱਗਾ ਹੈ ਕਿ ਇਹ ਸਾਊਦੀ ਅਰਬ ‘ਚ ਰਹਿੰਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪਾਕਿ ਨਾਗਰਿਕ ਮੁਹੰਮਦ ਨਵਾਜ਼ ਨੂੰ ਫੜ ਕੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ।