ਸਪੋਰਟਸ ਡੈਸਕ – ਕ੍ਰਿਕਟ ਦੇ ਮਹਾਕੁੰਭ, ਭਾਵ IPL 2019 ਦਾ ਸੀਜ਼ਨ ਆਪਣੇ ਰੋਮਾਂਚ ‘ਤੇ ਹੈ। IPL ਪ੍ਰਤੀ ਦਰਸ਼ਕਾਂ ਦਾ ਕ੍ਰੇਜ਼ ਦੇਖਣ ਯੋਗ ਹੈ। ਇਸ IPL ਸੈਸ਼ਨ ‘ਚ ਨਵੇਂ ਨੌਜਵਾਨ ਖਿਡਾਰੀਆਂ ਨੇ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ। ਅਜਿਹੇ ‘ਚ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਚੈਲ ਸਟਾਰਕ ਨੇ IPL ‘ਤੇ 1.53 ਮਿਲੀਅਨ ਡੌਲਰ ਦਾ ਮੁਕੱਦਮਾ ਠੋਕ ਦਿੱਤਾ ਹੈ।

ਉਸ ਨੇ ਵਿਕਟੋਰੀਅਨ ਕਾਊਂਟੀ ਕੋਰਟ ‘ਚ ਪਿਛਲੇ ਹਫ਼ਤੇ ਇਹ ਕੇਸ ਦਰਜ ਕੀਤਾ। ਜ਼ਿਕਰਯੋਗ ਹੈ ਕਿ ਸਟਾਰਕ ਇਸ ਸਮੇਂ ਆਸਟਰੇਲੀਆ ਟੀਮ ਲਈ ਵੀ ਨਹੀਂ ਖੇਡ ਰਿਹਾ। ਦਰਅਸਲ, ਉਹ ਪਿਛਲੇ ਸੀਜ਼ਨ ਸੱਟ ਦੀ ਵਜ੍ਹਾ ਨਾਲ IPL ‘ਚ ਆਪਣੀ ਫ਼੍ਰੈਂਚਾਈਜ਼ ਦਾ ਹਿੱਸਾ ਨਹੀਂ ਸੀ ਬਣ ਸੱਕਿਆ। ਉਸ ਨੂੰ IPL ਦੀ ਇੱਕ ਫ਼੍ਰੈਂਚਾਈਜ਼ੀ ਨੇ ਪਿੱਛਲੇ ਸਾਲ 9.40 ਕਰੋੜ ‘ਚ ਆਪਣੀ ਟੀਮ ਲਈ ਖ਼ਰੀਦਿਆ ਸੀ। ਇਸ ਦੌਰਾਨ ਮਿਚੈਲ ਸਟਾਰਕ ਨੇ ਇੱਕ ਇੰਸ਼ੋਰੈਂਸ ਪੌਲਿਸੀ ਵੀ ਲਈ ਸੀ ਜਿਸ ਤਹਿਤ ਜੇਕਰ ਉਸ ਨੂੰ ਕੋਈ ਸੱਟ ਲਗਦੀ ਹੈ ਤਾਂ IPL ਉਸ ਨੂੰ ਮੁਆਵਜ਼ਾ ਦੇਵੇਗੀ। ਇਸ ਦੇ ਬਦਲੇ ‘ਚ ਸਟਾਰਕ ਨੇ 97,920 ਡੌਲਰ ਦਾ ਪ੍ਰੀਮੀਅਮ ਵੀ ਭਰਿਆ ਸੀ।