ਅਕਸਰ ਚੁਕੰਦਰ ਦੀ ਵਰਤੋਂ ਸਲਾਦ ਅਤੇ ਜੂਸ ‘ਚ ਕੀਤੀ ਜਾਂਦੀ ਹੈ। ਇਹ ਲਾਲ ਰੰਗ ਦਾ ਫ਼ਲ ਸ਼ਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਆਯੁਰਵੈਦਿਕ ਮਾਹਿਰ ਦੱਸਦੇ ਹਨ ਕਿ ਚੁਕੰਦਰ ਅਜਿਹੀ ਸਬਜ਼ੀ ਹੈ ਜਿਸ ਨੂੰ ਖਾਣ ਨਾਲ ਸਭ ਤੋਂ ਜ਼ਿਆਦਾ ਫ਼ਾਇਦੇ ਹੁੰਦੇ ਹਨ, ਪਰ ਇਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਲਈ ਲੋਕ ਲੱਖਾਂ ਰੁਪਏ ਖ਼ਰਚ ਕਰ ਦਿੰਦੇ ਹਨ, ਪਰ ਇਸ ਅਸਾਨ ਜਿਹੀ ਸਬਜ਼ੀ ਨੂੰ ਨਹੀਂ ਖਾਂਦੇ। ਚੁਕੰਦਰ ਦਾ ਫ਼ਲ ਹੀ ਨਹੀਂ ਇਸ ਦੇ ਪੱਤੇ ਵੀ ਓਨੇ ਹੀ ਸਿਹਤਮੰਦ ਹੁੰਦੇ ਹਨ। ਚੁਕੰਦਰ ਦੇ ਪੱਤੇ ਖਾਣ ਨਾਲ ਸ਼ਰੀਰ ‘ਚ ਕਦੇ ਖ਼ੂਨ ਦੀ ਕਮੀ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਐਲਜ਼ਾਈਮਰ ਰੋਗ ਲਈ ਦਵਾਈ: ਚੁਕੰਦਰ ਵਿੱਚ ਪਾਇਆ ਜਾਣ ਵਾਲਾ ਇੱਕ ਤੱਤ ਐਲਜ਼ਾਈਮਰ ਰੋਕਣ ‘ਚ ਮਦਦ ਕਰ ਸਕਦਾ ਹੈ। ਇਸ ਤੱਤ ਦੀ ਵਜ੍ਹਾ ਨਾਲ ਚੁਕੰਦਰ ਦਾ ਰੰਗ ਲਾਲ ਹੁੰਦਾ ਹੈ। ਇਸ ਤੋਂ ਐਲਜ਼ਾਈਮਰ ਰੋਗ ਦੀ ਦਵਾਈ ਵਿਕਸਿਤ ਕੀਤੀ ਜਾ ਸਕਦੀ ਹੈ। ਜਾਂਚ ਦੇ ਤੱਤਾਂ ਤੋਂ ਪਤਾ ਚੱਲਿਆ ਹੈ ਕਿ ਚੁਕੰਦਰ ਦੇ ਰਸ ‘ਚ ਬੀਟਾਨੀਨ ਤੱਤ ਪਾਇਆ ਜਾਂਦਾ ਹੈ ਜੋ ਦਿਮਾਗ਼ ‘ਚ ਮੌਜੂਦ ਉਸ ਕੈਮੀਕਲ ਨੂੰ ਖ਼ਤਮ ਕਰ ਸਕਦਾ ਹੈ ਜਿਸ ਨਾਲ ਐਲਜ਼ਾਈਮਰ ਰੋਗ ਹੁੰਦਾ ਹੈ।

ਰੋਗ ਪ੍ਰਤੀਰੋਧਕ ਸਮਰਥਾ ਵਧਾਏ: ਚੁਕੰਦਰ ‘ਚ ਭਰਪੂਰ ਮਾਤਰਾ ‘ਚ ਵਾਟਿਾਮਿਨ ਸੀ ਅਤੇ ਫ਼ਾਈਬਰ ਮੌਜੂਦ ਹੁੰਦਾ ਹੈ ਜੋ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਵਧਾਉਂਦਾ ਹੈ।

ਹੱਡੀਆਂ ਅਤੇ ਗੁਰਦੇ ਲਈ ਫ਼ਾਇਦੇਮੰਦ: ਚੁਕੰਦਰ ‘ਚ ਮੌਜੂਦ ਖਣਿਜ ਤੱਤ ਜਿਵੇਂ ਪੋਟੈਸ਼ੀਅਮ ਅਤੇ ਮੈਗਨੀਜ਼ੀਅਮ ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।

ਖ਼ੂਨ ਦਾ ਸੰਚਾਰ: ਨਿਯਮਿਤ ਤੌਰ ‘ਤੇ ਚੁਕੰਦਰ ਖਾਣ ਨਾਲ ਸ਼ਰੀਰ ‘ਚ ਖ਼ੂਨ ਦਾ ਸੰਚਾਰ ਸੁਚਾਰੂ ਰਹਿੰਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ: ਚੁਕੰਦਰ ‘ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ ਜੋ ਸ਼ਰੀਰ ‘ਚ ਪਹੁੰਚ ਕੇ ਨਾਈਟ੍ਰਿਕ ਔਕਸਾਈਡ ‘ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਔਕਸਾਈਡ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦੇ ਹਨ।

ਕੈਂਸਰ ਤੋਂ ਬਚਾਏ: ਚੁਕੰਦਰ ‘ਚ ਫ਼ਾਈਟੋਨਿਊਟਰੀਅਨਜ਼ ਵੀ ਪਾਏ ਜਾਂਦੇ ਹਨ ਜੋ ਕਿ ਕੈਂਸਰ ਕੋਸ਼ਕਾਵਾਂ ਨੂੰ ਸ਼ਰੀਰ ‘ਚ ਬਣਨ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜ੍ਹਾ ਰੰਗ ਹੋਣ ਦਾ ਇਹ ਵੀ ਇੱਕ ਕਾਰਨ ਹੈ।

ਗਰਭਵਤੀ ਔਰਤਾਂ ਲਈ ਫ਼ਾਇਦੇਮੰਦ: ਚੁਕੰਦਰ ‘ਚ ਉੱਚ ਮਾਤਰਾ ‘ਚ ਫ਼ੌਲਿਕ ਐਸਿਡ ਹੁੰਦਾ ਹੈ ਜੋ ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਔਰਤ ਦੇ ਪੇਟ ‘ਚ ਪੱਲ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਬਣਾਉਣ ‘ਚ ਮਦਦ ਮਿਲਦੀ ਹੈ।

ਡਾਇਬਟੀਜ਼ ਕੰਟਰੋਲ ਕਰੇ: ਚੁਕੰਦਰ ਖਾਣ ਨਾਲ ਡਾਇਬਟੀਜ਼ ਕੰਟਰੋਲ ‘ਚ ਰਹਿੰਦੀ ਹੈ। ਡਾਇਬਟੀਜ਼ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਸੂਰਜਵੰਸ਼ੀ