ਤੁਹਾਨੂੰ ਕੀ ਭੁੱਲ ਜਾਣਾ ਚਾਹੀਦੈ? ਤੁਹਾਨੂੰ ਕੀ ਚੇਤੇ ਰੱਖਣ ਦੀ ਲੋੜ ਹੈ? ਸੂਚੀਆਂ ਨਾਲ ਇਹੋ ਤਾਂ ਮਸਲਾ ਹੈ। ਇਹ ਸਾਡੀ ਆਪਣੇ ਆਪ ਨੂੰ ਆਯੋਜਿਤ ਰੱਖਣ ਵਿੱਚ ਤਾਂ ਮਦਦ ਕਰਦੀਆਂ ਹਨ – ਪਰ ਕਈ ਵਾਰ ਇਹ ਸਾਨੂੰ ਕੇਵਲ ਅਤੀਤ ਨਾਲ ਹੀ ਜੋੜੀ ਰੱਖਦੀਆਂ ਹਨ। ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ, ”ਇਹ ਮੈਨੂੰ ਕਰਨਾ ਹੀ ਪੈਣੈ।” ਫ਼ਿਰ ਅਸੀਂ ਉਸ ਨੂੰ ਕਰਨ ਨਿਕਲਦੇ ਹਾਂ। ਇਸ ਦੌਰਾਨ, ਕੁਝ ਹੋਰ ਵਾਪਰ ਜਾਂਦੈ। ਇਹ ਨਵੀਂ ਪ੍ਰਗਤੀ ਸਾਨੂੰ ਇਸ ਗੱਲ ਦੀ ਕਾਮਨਾ ਕਰਨ ‘ਤੇ ਮਜਬੂਰ ਕਰਦੀ ਹੈ ਕਿ ਕਾਸ਼ ਅਸੀਂ ਆਪਣੇ ਉਸ ਪੁਰਾਣੇ ਖ਼ਿਆਲ ਨੂੰ ਸੂਚੀ ਵਿੱਚ ਹੀ ਨਾ ਰੱਖਿਆ ਹੁੰਦਾ। ਪਰ ਉਸ ਵੇਲੇ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਹ ਸਿਰਫ਼ ਸਨਤੀ ਸੰਸਾਰ ਹੀ ਨਹੀਂ ਜਿੱਥੇ ਭੁੱਲਣ ਦੀ ਆਦਤ ਤੁਹਾਡੇ ਹੱਕ ਵਿੱਚ ਭੁਗਤ ਸਕਦੀ ਹੈ। ਭਾਵਨਾਤਮਕ ਪੱਖੋਂ ਵੀ, ਇਹ ਵਕਤ ਹੈ ਅਤੀਤ ਦੀ ਕਿਸੇ ਯਾਦ ਨੂੰ ਵਿਸਾਰਣ ਦਾ।

ਕੁਝ ਲੋਕ ਅਣਮਨੇ ਹੀ ਚੀਜ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਲਈ ਆਪਣੇ ਆਪ ਨੂੰ ਕਿਸੇ ਕੰਮ ਤੋਂ ਅਲਹਿਦਾ ਰੱਖਣਾ ਜਾਂ ਉਸ ਵਿੱਚ ਦਿਲਚਸਪੀ ਨਾ ਲੈਣਾ ਹੈਰਾਨੀਜਨਕ ਹੱਦ ਤਕ ਆਸਾਨ ਹੁੰਦੈ। ਉਹ ਬਿਨਾ ਪੂਰੀ ਤਰ੍ਹਾਂ ਆਪਣਾ ਦਿਲੋ ਦਿਮਾਗ਼ ਲਗਾਏ ਕਿਸੇ ਵੀ ਸਰਗਰਮੀ ਵਿੱਚ ਹਿੱਸਾ ਲੈ ਸਕਦੇ ਹਨ। ਉਹ ਜੋਸ਼ੀਲੇ ਜਾਂ ਭਾਵੁਕ ਹੋਏ ਬਿਨਾ ਵੀ ਅਜਿਹੀ ਵਾਰਤਾਲਾਪ ਕਰ ਲੈਂਦੇ ਹਨ ਜਿਹੜੀ ਸੁਣਨ ‘ਚ ਅਰਥਭਰਪੂਰ ਪ੍ਰਤੀਤ ਹੋਵੇ। ਪਰ ਇਹ ਉਨ੍ਹਾਂ ਦਾ ਮਸਲਾ ਹੈ। ਕਿਸੇ ਸੰਵੇਦਨਸ਼ੀਲ ਸਥਿਤੀ ਬਾਰੇ ਆਪਣੇ ਜਵਾਬ ਦੀ ਡੂੰਘਾਈ ਅਤੇ ਗੰਭੀਰਤਾ ਬਾਰੇ ਤੁਹਾਨੂੰ ਖ਼ਿਮਾਜਾਚਕ ਹੋਣ ਦੀ ਕੋਈ ਲੋੜ ਨਹੀਂ। ਇਹ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਕਿੰਨੇ ਖ਼ਾਸ ਹੋ। ਤੁਹਾਡੀ ਜ਼ਿੰਦਗੀ ਛੇਤੀ ਹੀ ਹੋਰ ਵੀ ਜ਼ਿਆਦਾ ਖ਼ਾਸ ਬਣ ਜਾਵੇਗੀ ਜੇਕਰ ਤੁਸੀਂ ਆਪਣੀਆਂ ਭਾਵਨਾਵਾਂ ਵਿੱਚ ਵਿਸ਼ਵਾਸ ਰੱਖਿਆ।

ਕੀ ਕਿਸੇ ਚੰਗੀ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਵੀ ਕੋਈ ਚੰਗੀ ਗੱਲ ਹੈ? ਇਹ ਇਸ ਗੱਲ ‘ਤੇ ਨਿਰਭਰ ਕਰਦੈ ਕਿ ਉਹ ਸ਼ੈਅ ਕਿੰਨੀ ਚੰਗੀ ਹੈ। ਜੇਕਰ ਉਹ ਵਾਕਈ ਬਹੁਤ ਚੰਗੀ ਹੈ ਤਾਂ ਆਪਣੇ ਮਨ ਦੀ ਸੰਤੁਸ਼ਟੀ ਤਕ ਉਸ ਨੂੰ ਮਾਣੋ। ਅਤੇ ਜੇਕਰ ਉਹ ਇੰਨੀ ਜ਼ਿਆਦਾ ਚੰਗੀ ਸ਼ੈਅ ਨਹੀਂ? ਖ਼ੈਰ ਉਸ ਸੂਰਤ ਵਿੱਚ, ਉਹ ਤੁਹਾਨੂੰ ਆਖ਼ਿਰ ਕਿੰਨੀ ਕੁ ਚਾਹੀਦੀ ਹੋ ਸਕਦੀ ਹੈ? ਕੋਈ ਚੀਜ਼ ਕਿੰਨੀ ਚੰਗੀ ਹੈ, ਤੁਸੀਂ ਇਸ ਬਾਰੇ ਕਾਫ਼ੀ ਹੱਦ ਤਕ ਦੱਸ ਸਕਦੇ ਹੋ – ਕੇਵਲ ਇਸ ਆਧਾਰ ‘ਤੇ ਕਿ ਤੁਸੀਂ ਉਸ ਨੂੰ ਕਿਸ ਹੱਦ ਤਕ ਸਵੀਕਾਰ ਕਰਨ ਲਈ ਤਿਆਰ ਹੋ। ਇਹ ਫ਼ੈਸਲਾ ਕਰਨ ਵਿੱਚ ਕੋਈ ਬੁਰਾਈ ਨਹੀਂ ਕਿ ਕਿਸੇ ਚੀਜ਼ ਤੋਂ ਤੁਹਾਡੀ ਬੱਸ ਹੋ ਚੁੱਕੀ ਹੈ। ਆਪਣੀ ਭਾਵਨਾਤਮਕ ਜ਼ਿੰਦਗੀ ਵਿੱਚ ਕਿਸ ਗੱਲ ਦੀ ਲਕੀਰ ਕਿੱਥੇ ਖਿੱਚਣੀ ਹੈ, ਇਸ ਬਾਰੇ ਕੋਈ ਨਵਾਂ ਫ਼ੈਸਲਾ ਇੱਕ ਚੰਗੀ ਤਜਵੀਜ਼ ਸਾਬਿਤ ਹੋ ਸਕਦੀ ਹੈ।

ਜਿਸ ਗੱਲ ਦਾ ਕਦੇ ਕੋਈ ਅਰਥ ਨਹੀਂ ਸੀ ਨਿਕਲਦਾ ਹੁੰਦਾ, ਅੱਜ ਉਸ ਦੇ ਹਰ ਸ਼ਬਦ ਦਾ ਮਤਲਬ ਸਮਝ ‘ਚ ਆ ਰਿਹੈ। ਕੀ ਬਦਲ ਗਿਐ? ਬਹੁਤਾ ਕੁਝ ਨਹੀਂ – ਅਤੇ ਜੇ ਦੇਖਿਆ ਜਾਵੇ ਤਾਂ ਬਹੁਤ ਕੁਝ। ਉਹ ਹਿੱਸਾ ਜਿਹੜਾ ਬਿਲਕੁਲ ਨਹੀਂ ਬਦਲਿਆ, ਉਹ ਤੁਹਾਨੂੰ ਉਸ ਬਾਰੇ ਸ਼ੱਕ ਵਿੱਚ ਪਾ ਰਿਹੈ ਜਿਹੜਾ ਪੂਰੀ ਤਰ੍ਹਾਂ ਤਬਦੀਲ ਹੋ ਚੁੱਕੈ। ਸਵਾਲ ਨਾ ਕਰੋ; ਕਬੂਲ ਕਰੋ। ਚਿੰਤਾ ਨਾ ਕਰੋ; ਆਨੰਦ ਮਾਣੋ। ਪਰੇਸ਼ਾਨ ਨਾ ਹੋਵੋ; ਜਸ਼ਨ ਮਨਾਓ। ਸ਼ੱਕ ਨਾ ਕਰੋ; ਭਰੋਸਾ ਰੱਖੋ। ਛੇਤੀ ਹੀ, ਤੁਸੀਂ ਕਹਾਣੀ ਦੇ ਦੂਸਰੇ ਉਤਰਾਵਾਂ-ਚੜ੍ਹਾਵਾਂ ਨਾਲ ਵੀ ਦੋ-ਚਾਰ ਹੋ ਜਾਵੋਗੇ। ਜੋ ਬਦਲ ਚੁੱਕਿਐ, ਉਹ ਤਬਦੀਲੀ ਦੀ ਭਿਅੰਕਰਤਾ ਦੀ ਤਸਦੀਕ ਤਾਂ ਕਰਦੈ, ਪਰ ਤੁਹਾਨੂੰ ਇਸ ਬਾਰੇ ਕਿਸੇ ਸ਼ੱਕ ਵਿੱਚ ਵੀ ਛੱਡ ਕੇ ਨਹੀਂ ਜਾ ਰਿਹਾ ਕਿ ਨਤੀਜੇ ਕਿੰਨੇ ਸਾਕਾਰਾਤਮਕ ਹੋਣ ਵਾਲੇ ਹਨ।

ਇਹ ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਪਿਐ ਜਿਨ੍ਹਾਂ ਦੇ ਆਪਣੇ ਤਾਕਤਵਰ ਖ਼ਿਆਲ ਹਨ। ਤੁਸੀਂ ਇਹ ਪੱਕਾ ਕਿਵੇਂ ਕਰ ਸਕਦੇ ਹੋ ਕਿ ਤੁਹਾਡੇ ਵਿਚਾਰ ਕਿਸੇ ਹੋਰ ਦੇ ਨਜ਼ਰੀਏ ਨਾਲੋਂ ਵਧੇਰੇ ਢੁਕਵੇਂ ਹੋਣ? ਤੁਸੀਂ ਆਪਣੇ ਆਪ ਨੂੰ ਕੇਵਲ ਇੰਨਾ ਹੀ ਸਮਝਾ ਸਕਦੇ ਹੋ ਕਿ ਉਹ ਤੁਹਾਡੇ ਖ਼ਿਆਲਾਤ ਹਨ ਅਤੇ ਉਨ੍ਹਾਂ ਦੀ ਕੀਮਤ ਹੈ। ਤੁਸੀਂ ਕਿਸੇ ਕੋਲ ਜਾ ਕੇ ਇਹ ਨਹੀਂ ਕਹਿ ਸਕਦੇ, ”ਜੇ ਮੈਂ ਤੁਹਾਡੇ ਵਿਸ਼ਵਾਸ ਉਧਾਰੇ ਲੈ ਲਵਾਂ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ?” ਜੋ ਤੁਸੀਂ ਆਪਣੇ ਦਿਲ ਵਿੱਚ ਮਹਿਸੂਸ ਕਰਦੇ ਹੋ, ਉਸ ਵਿੱਚ ਯਕੀਨ ਕਰਨਾ ਜ਼ਰੂਰੀ ਹੈ। ਤੁਹਾਡਾ ਦ੍ਰਿਸ਼ਟੀਕੋਣ ਨਾਟਕ ਦੇ ਮਗਰੇ ਮਗਰ ਸੰਤੁਸ਼ਟੀ ਵੀ ਲੈ ਕੇ ਆਵੇਗਾ। ਤੁਹਾਡੇ ਕੋਲ ਮੌਕਾ ਹੈ ਆਪਣੀ ਜ਼ਿੰਦਗੀ ਵਿੱਚ ਉਸ ਸਭ ਤੋਂ ਉੱਪਰ ਉੱਠਣ ਦਾ ਜਿਸ ਦੀ ਕੋਈ ਕੀਮਤ ਨਹੀਂ … ਅਤੇ ਫ਼ਿਰ ਉਸ ਦਾ ਪਿੱਛਾ ਕਰਨ ਦਾ ਜਿਸ ਦੀ ਸੱਚਮੁੱਚ ਹੈ।