ਰਾਧਿਕਾ ਮੈਦਾਨ ਦੀ ਚਮਕੀ ਕਿਸਮਤ
ਫ਼ਿਲਮ ਪਟਾਖਾ ਨਾਲ ਬੌਲੀਵੁਡ ‘ਚ ਡੈਬਿਊ ਕਰਨ ਵਾਲੀ ਅਦਾਕਾਰਾ ਰਾਧਿਕਾ ਮੈਦਾਨ ਅੱਜ-ਕੱਲ੍ਹ ਕਾਫ਼ੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਉਸ ਦੀ ਫ਼ਿਲਮ ਮਰਦ ਕੋ ਦਰਦ ਨਹੀਂ ਹੋਤਾ ਰਿਲੀਜ਼ ਹੋਈ ਸੀ। ਭਾਵੇਂ ਇਸ ਫ਼ਿਲਮ ਨੇ ਪਰਦੇ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਪਰ ਰਾਧਿਕਾ ਦੀ ਅਦਾਕਾਰੀ ਨੂੰ ਸਾਰਿਆਂ ਨੇ ਪਸੰਦ ਕੀਤਾ। ਜਾਣਕਾਰੀ ਅਨੁਸਾਰ, ਨਿਰਮਾਤਾ ਅਤੇ ਨਿਰਦੇਸ਼ਕ ਦਿਨੇਸ਼ ਵਿਜਨ ਨੇ ਰਾਧਿਕਾ ਦੀ ਪ੍ਰਤਿਭਾ ਨੂੰ ਦੇਖ ਕੇ ਉਸ ਨੂੰ ਆਪਣੀਆਂ ਤਿੰਨ ਫ਼ਿਲਮਾਂ ਲਈ ਸਾਈਨ ਕਰ ਲਿਆ ਹੈ। ਪਹਿਲੀ ਫ਼ਿਲਮ ਇਰਫ਼ਾਨ ਖ਼ਾਨ ਨਾਲ ਹਿੰਦੀ ਮੀਡੀਅਮ ਦਾ ਸੀਕੁਅਲ ਹੋਵੇਗੀ। ਇਸ ਫ਼ਿਲਮ ‘ਚ ਉਹ ਇਰਫ਼ਾਨ ਦੀ ਬੇਟੀ ਦਾ ਕਿਰਦਾਰ ਨਿਭਾਏਗੀ।
ਦੂਜੀ ਫ਼ਿਲਮ ‘ਚ ਉਸ ਨਾਲ ਸਨੀ ਕੌਸ਼ਲ ਹੋਵੇਗਾ। ਤੀਜੀ ਫ਼ਿਲਮ ‘ਤੇ ਫ਼ਿਲਹਾਲ ਕੰਮ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਧਿਕਾ ਮੈਦਾਨ ਨੇ TV ਸ਼ੋਅ ਮੇਰੀ ਆਸ਼ਕੀ ਤੁਮਸੇ ਹੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਾਧਿਕਾ ਦਿੱਲੀ ਦੇ ਪੀਤਮਪੁਰਾ ਦੀ ਰਹਿਣ ਵਾਲੀ ਹੈ। ਉਸ ਨੂੰ ਵੱਡੇ ਪਰਦੇ ‘ਤੇ ਪਹਿਲਾ ਮੌਕਾ ਵਿਸ਼ਾਲ ਭਾਰਦਵਾਜ ਨੇ ਫ਼ਿਲਮ ਪਟਾਖਾ ਤੋਂ ਮਿਲਿਆ ਸੀ। ਜੇ ਫ਼ਿਲਮ ਹਿੰਦੀ ਮੀਡੀਅਮ ਦੇ ਸੀਕੁਅਲ ਇੰਗਲਿਸ਼ ਮੀਡੀਅਮ ਦੀ ਗੱਲ ਕਰੀਏ ਤਾਂ ਇਸ ‘ਚ ਕਰੀਨਾ ਕਪੂਰ ਖ਼ਾਨ ਵੀ ਨਜ਼ਰ ਆਵੇਗੀ। ਜਾਣਕਾਰੀ ਮੁਤਾਬਿਕ, ਉਹ ਇਸ ‘ਚ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਏਗੀ। 19 ਸਾਲ ਦੇ ਫ਼ਿਲਮੀ ਕਰੀਅਰ ਦੌਰਾਨ ਉਹ ਪਹਿਲੀ ਵਾਰ ਇੱਕ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਏਗੀ। ਵੈਸੇ ਪਹਿਲਾਂ ਕਿਹਾ ਜਾ ਰਿਹਾ ਸੀ ਕਰੀਨਾ ਨੇ ਇਸ ਫ਼ਿਲਮ ਨੂੰ ਇਨਕਾਰ ਕਰ ਦਿੱਤਾ ਹੈ।