ਸ਼ੇਕਸਪੀਅਰ ਨੇ ਕਦੇ ਵੀ ਖ਼ੁਦ ਆਪਣੇ ਮੂੰਹੋਂ ਇਹ ਨਹੀਂ ਸੀ ਕਿਹਾ, ”ਉਧਾਰ ਮੁਹੱਬਤ ਦੀ ਕੈਂਚੀ ਹੈ।” ਉਸ ਨੇ ਆਪਣੇ ਨਾਟਕਾਂ ‘ਚੋਂ ਇੱਕ ਵਿੱਚ ਆਪਣੇ ਇੱਕ ਕਿਰਦਾਰ ਦੇ ਮੂੰਹੋਂ ਅਜਿਹਾ ਕਹਾਇਆ ਸੀ – ਜਿਹੜੀ ਕਿ ਇੱਕੋ ਹੀ ਗੱਲ ਨਹੀਂ। ਉਸ ਦਾ ਇੱਕ ਕਿਰਦਾਰ ਪਲੋਨੀਅਸ ਆਪਣੇ ਪੁੱਤਰ ਲੈਅਰਟੀਸ ਨੂੰ ਪੈਰਿਸ ਯਾਤਰਾ ‘ਤੇ ਤੋਰਨ ਤੋਂ ਪਹਿਲਾਂ ਸਲਾਹ ਦਿੰਦਾ ਹੋਇਆ ਕਹਿੰਦੈ, ”Neither a borrower nor a lender be,” ਭਾਵ ਕਿਸੇ ਨੂੰ ਉਧਾਰ ਦੇਣ ਤੋਂ ਬਾਅਦ ਤੁਸੀਂ ਨਾ ਸਿਰਫ਼ ਪੈਸਾ ਹੀ ਗੁਆਉਂਦੇ ਹੋ ਸਗੋਂ ਕਰਜ਼ਦਾਰ ਨੂੰ ਵੀ ਗੁਆ ਬੈਠਦੇ ਹੋ। ਉਹ ਆਪਣੇ ਪੁੱਤਰ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਕਦੇ ਵੀ ਆਪਣੇ ਕਿਸੇ ਦੋਸਤ ਤੋਂ ਪੈਸਾ ਉਧਾਰ ਨਾ ਲਓ ਅਤੇ ਨਾ ਹੀ ਉਸ ਨੂੰ ਕਰਜ਼ਾ ਦਿਓ ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ, ਦੋਸਤ ਅਤੇ ਪੈਸਾ, ਦੋਹੇਂ ਗੁਆ ਬੈਠੋਗੇ। ਸ਼ੇਕਸਪੀਅਰ ਨੂੰ ਵੀ, ਮੈਨੂੰ ਪੱਕਾ ਯਕੀਨ ਹੈ, ਆਪਣੇ ਪੈਸੇ ਦੇ ਲੈਣ ਦੇਣ ਵਿੱਚ ਮੁਸਤੈਦੀ ਵਰਤਣੀ ਪੈਂਦੀ ਰਹੀ ਹੋਵੇਗੀ – ਠੀਕ ਉਂਝ ਹੀ ਜਿਵੇਂ ਸਾਨੂੰ ਸਭ ਨੂੰ ਚੌਕਸ ਰਹਿਣਾ ਪੈਂਦੈ। ਅਤੇ ਇਹ ਸਿਰਫ਼ ਵਿੱਤੀ ਮਾਮਲੇ ਹੀ ਨਹੀਂ ਹੁੰਦੇ ਜਿਨ੍ਹਾਂ ਵਿੱਚ ਅਸੀਂ ਦੇਣਦਾਰ ਜਾਂ ਕਰਜ਼ਦਾਰ ਮਹਿਸੂਸ ਕਰ ਸਕਦੇ ਹਾਂ। ਸਾਡਾ ਜੀਵਨ ਵੀ, ਕਈ ਵਾਰ ਇੰਝ ਪ੍ਰਤੀਤ ਹੁੰਦੈ, ਜਿਵੇਂ ਸਾਡੀਆਂ ਦੇਣਦਾਰੀਆਂ ਦੀ ਇੱਕ ਲੰਬੀ ਸੂਚੀ ਹੀ ਹੋਵੇ।

 

ਇੱਥੇ ਕਮਲੀਆਂ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹਨ। ਅਜਿਹਾ ਇਸ ਕਰ ਕੇ ਕਿਉਂਕਿ ਇਹ ਸੰਸਾਰ ਭਰਿਆ ਹੀ ਮੂਰਖਾਂ ਨਾਲ ਪਿਐ। ਸ਼ਾਇਦ, ਇਸ ਤੋਂ ਅਗਲਾ ਸੰਸਾਰ ਕੁਝ ਘੱਟ ਤਰਕਹੀਣ ਹੋਵੇ। ਪਰ ਇਹ ਵੀ ਤਾਂ ਹੋ ਸਕਦੈ ਕਿ ਉਹ ਪਾਗਲਪਨ ਵਿੱਚ ਇਸ ਵਾਲੇ ਤੋਂ ਵੀ ਦੋ ਹੱਥ ਅੱਗੇ ਹੀ ਹੋਵੇ। ਸ਼ਾਇਦ, ਅਸੀਂ ਸਾਰੇ ਹੀ ਇੰਨੇ ਬਾਵਲੇ ਹਾਂ ਕਿ ਸੱਚੇ ਵਿਵੇਕ ਨੂੰ ਸਿਆਣ ਹੀ ਨਹੀਂ ਸਕਦੇ – ਬੇਸ਼ੱਕ ਉਹ ਸਾਡੀਆਂ ਅੱਖਾਂ ਸਾਹਮਣੇ ਮੂੰਹ ਅੱਡੀ ਕਿਉਂ ਨਾ ਖੜ੍ਹਾ ਰਹੇ। ਅਜਿਹਾ ਕੋਈ ਤਰੀਕਾ ਨਹੀਂ ਕਿ ਤੁਸੀਂ ਇਹ ਜਾਣ ਸਕੋ ਕਿ ਜੋ ਕੁਝ ਤੁਸੀਂ ਇਸ ਵਕਤ ਕਰ ਰਹੇ ਹੋ ਉਹ ਕੋਈ ਸਮਝਦਾਰੀ ਵਾਲਾ ਕਾਰਜ ਹੈ ਜਾਂ ਹਾਸੋਹੀਣਾ। ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਉਸ ਨੂੰ ਕਿਸ ਪੱਧਰ ਤੋਂ ਦੇਖਣ ਦਾ ਫ਼ੈਸਲਾ ਕਰਦੇ ਹੋ। ਪਰ ਜੇਕਰ ਤੁਹਾਡੇ ਦਿਲੋ ਦਿਮਾਗ਼ ਇਸ ਸੰਭਾਵਨਾ ਪ੍ਰਤੀ ਖੁਲ੍ਹੇ ਹਨ ਕਿ ਤੁਸੀਂ ਸ਼ਾਇਦ ਗ਼ਲਤੀ ਕਰ ਰਹੇ ਹੋਵੋ … ਤਾਂ ਸੰਭਵ ਹੈ ਕਿ ਤੁਸੀਂ ਠੀਕ ਹੀ ਕਰ ਰਹੇ ਹੋ!

 

ਸਾਨੂੰ ਅਕਸਰ ਦੱਸਿਆ ਜਾਂਦੈ ਕਿ ਧਾਰਣਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ। ਪਰ ਜੇਕਰ ਅਸੀਂ ਅੱਜ ਤੋਂ ਬਾਅਦ ਕੋਈ ਵੀ ਧਾਰਣਾ ਨਾ ਬਣਾੳਣ ਦਾ ਪੱਕਾ ਫ਼ੈਸਲਾ ਕਰ ਲਿਆ ਤਾਂ ਕੀ ਹੋਵੇਗਾ? ਜ਼ਿੰਦਗੀ, ਫ਼ਿਰ, ਬਹੁਤ ਜ਼ਿਆਦਾ ਉਲਝ ਨਹੀਂ ਜਾਵੇਗੀ? ਧਾਰਣਾਵਾਂ ਸਾਨੂੰ ਬਣਾਉਣੀਆਂ ਚਾਹੀਦੀਆਂ ਹਨ। ਇਸ ਤੋਂ ਛੁੱਟ, ਪਰ, ਸਾਨੂੰ ਜੋ ਕਰਨ ਦੀ ਲੋੜ ਹੈ ਉਹ ਹੈ ਉਨ੍ਹਾਂ ਧਾਰਣਾਵਾਂ ‘ਤੇ ਸਵਾਲ ਕਰਨ ਦੀ – ਉਨ੍ਹਾਂ ਨੂੰ ਕਸੌਟੀ ‘ਤੇ ਪਰਖਣ ਦੀ; ਉਨ੍ਹਾਂ ਦਾ ਨਰੀਖਣ ਕਰਨ ਦੀ। ਉਸ ਤੋਂ ਬਾਅਦ ਹੀ ਅਸੀਂ ਆਪਣੀਆਂ ਧਾਰਣਾਵਾਂ ਨੂੰ ਹਕੀਕਤ ਜਾਂ ਨਿਸ਼ਚਿਤਤਾ ਦਾ ਦਰਜਾ ਦੇ ਸਕਦੇ ਹਾਂ। ਹੁਣ ਇਹ ਸਪੱਸ਼ਟ ਹੁੰਦਾ ਜਾ ਰਿਹੈ ਕਿ ਤੁਹਾਡੇ ਤੋਂ ਕਿਸੇ ਬੇਮੁਹਾਰੀ ਉਮੀਦ ਦੇ ਆਧਾਰ ‘ਤੇ ਇੱਕ ਅੱਧੀ ਯੋਜਨਾ ਵਾਧੂ ਬਣਾ ਹੋ ਗਈ ਹੈ। ਆਪਣੀ ਇਸ ਗ਼ਲਤੀ ਨੂੰ ਸਵੀਕਾਰੋ, ਆਪਣੇ ਆਪ ਨੂੰ ਉਸ ਅਨੁਸਾਰ ਢਾਲੋ, ਅਤੇ ਸਭ ਕੁਝ ਠੀਕ ਹੋ ਜਾਵੇਗਾ।

 

ਸਾਗਰ ਕਿੰਨਾ ਗਹਿਰਾ ਹੈ? ਤੁਸੀਂ ਉਸ ਵੱਲ ਦੇਖ ਕਿ ਇਹ ਨਹੀਂ ਦੱਸ ਸਕਦੇ। ਝੀਲਾਂ ਅਤੇ ਦਰਿਆਵਾਂ ਦੀ ਵੀ ਇਸੇ ਤਰ੍ਹਾਂ ਦੀ ਭੁਲੇਖਾਪਾਊ ਡੂੰਘਾਈ ਹੁੰਦੀ ਹੈ। ਅਸੀਂ ਆਪਣੇ ਨਿੱਜੀ ਖ਼ਿਆਲਾਂ ਅਤੇ ਆਸਾਂ ਦੇ ਆਧਾਰ ‘ਤੇ ਧਾਰਣਾਵਾਂ ਬਣਾਉਂਦੇ ਹਾਂ, ਪਰ ਸਹੀ ਉੱਤਰ ਹਾਸਿਲ ਕਰਨ ਦਾ ਕੇਵਲ ਇੱਕੋ ਇੱਕ ਢੰਗ ਹੈ … ਪਾਣੀ ਵਿੱਚ ਮਾਪਾ ਲੈਣ ਵਾਲਾ ਕੋਈ ਯੰਤਰ ਸੁੱਟਣਾ ਜਿਹੜਾ ਉਸ ਦੀ ਗਹਿਰਾਈ ਨਾਪ ਸਕੇ। ਤੁਹਾਨੂੰ ਇਸ ਕਾਰਜ ਵਿੱਚ ਬਹੁਤੀ ਮਦਦ ਮਿਲਦੀ ਵੀ ਪ੍ਰਤੀਤ ਨਹੀਂ ਹੋ ਰਹੀ। ਥੋੜ੍ਹੀ ਜਿਹੀ ਮਦਦ ਉਪਲਬਧ ਹੈ ਜਿਸ ਦੀਆਂ ਤੁਸੀਂ ਸੇਵਾਵਾਂ ਹਾਸਿਲ ਕਰ ਸਕਦੇ ਹੋ, ਪਰ ਤੁਹਾਨੂੰ ਡਰ ਹੈ ਕਿ ਉਹ ਵੀ ਜਲਦੀ ਹੀ ਮੁੱਕ ਜਾਵੇਗੀ। ਇੱਕ ਵਾਰ ਇਸ ਨੂੰ ਪਰਖ ਕੇ ਤਾਂ ਦੇਖ ਲਓ। ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਪਿੱਛੇ, ਦਰਅਸਲ, ਤਾਕਤ ਦੀ ਬਹੁਤਾਤ ਮੌਜੂਦ ਹੈ।

 

ਮਨਮਰਜ਼ੀ। ਚੁਣਨ ਦੀ ਆਜ਼ਾਦੀ। ਆਪਣੀ ਕਿਸਮਤ ਦੀ ਚੋਣ ਖ਼ੁਦ ਕਰਨ ਦੀ ਤਾਕਤ ਅਤੇ ਕਿਸੇ ਪੁਰਾਣੀ ਆਦਤ ਨੂੰ ਤਿਆਗ ਸਕਣ ਦੀ ਹਿੰਮਤ। ਇਹ ਸਭ ਕੁਝ ਬਿਲਕੁਲ ਹੀ ਕਰਨਯੋਗ ਅਤੇ ਸਪੱਸ਼ਟ ਜਾਪਦੈ, ਪਰ ਕੇਵਲ ਉਸ ਵੇਲੇ ਤਕ ਜਦੋਂ ਤਕ ਤਬਦੀਲੀ ਦੀ ਕੋਈ ਅਜਿਹੀ ਲਹਿਰ ਸਾਨੂੰ ਆਪਣੇ ਨਾਲ ਰੋੜ੍ਹ ਕੇ ਨਹੀਂ ਲੈ ਜਾਂਦੀ ਜਿਸ ਉੱਪਰ ਸਾਡਾ ਕੋਈ ਕੰਟਰੋਲ ਹੀ ਨਹੀਂ ਹੁੰਦਾ। ਸਾਡੇ ਮਨ ਦੀਆਂ ਕੁਝ ਉਮੰਗਾਂ ਸਾਡੀ ਮਜਬੂਰੀ ਹੁੰਦੀਆਂ ਹਨ। ਕੁਝ ਸਥਿਤੀਆਂ ਸਾਡੇ ‘ਤੇ ਭਾਰੂ ਹੋ ਜਾਂਦੀਆਂ ਹਨ। ਸੋਚੀ ਸਮਝੀ ਦ੍ਰਿੜਤਾ ਦਿਖਾਉਣ ਦੇ ਕੱਟੜ ਤੋਂ ਕੱਟੜ ਮੁੱਦਈ ਵੀ, ਕਈ ਵਾਰ, ਅਟੱਲਤਾ ਦੇ ਸਮੁੰਦਰਾਂ ਦਾ ਕਚਰਾ ਜਾਂ ਕਿਸੇ ਬਹਿਰੀ ਜਹਾਜ਼ ਦਾ ਮਲਬਾ ਬਣ ਕੇ ਰਹਿ ਜਾਂਦੇ ਹਨ। ਤੁਹਾਡੀ ਪ੍ਰਤੱਖ ਬੇਵਸੀ, ਜਿਵੇਂ ਤੁਸੀਂ ਛੇਤੀ ਹੀ ਦੇਖੋਗੇ, ਅੰਤ ਨੂੰ ਕੋਈ ਮਾੜੀ ਸ਼ੈਅ ਨਹੀਂ ਸਾਬਿਤ ਹੋਣ ਵਾਲੀ।