ਫ਼ਿਲਮ ਇੰਸਪੈਕਟਰ ਗ਼ਾਲਿਬ ‘ਚ ਸ਼ਾਹਰੁਖ਼ ਅਤੇ ਮਾਧੁਰੀ ਨੂੰ ਸਾਈਨ ਕੀਤਾ ਜਾ ਸਕਦੈ …

ਸ਼ਾਹਰੁਖ਼ ਖ਼ਾਨ ਅਤੇ ਮਾਧੁਰੀ ਦੀਕਸ਼ਿਤ ਦੀ ਮਸ਼ਹੂਰ ਜੋੜੀ ਸਿਲਵਰ ਸਕ੍ਰੀਨ ‘ਤੇ ਮੁੜ ਇੱਕ ਫ਼ਿਲਮ ‘ਚ ਨਜ਼ਰ ਆ ਸਕਦੀ ਹੈ। ਪਿਛਲੇ ਕੁਝ ਸਮੇਂ ਦੌਰਾਨ ਸ਼ਾਹਰੁਖ਼ ਦੀਆਂ ਫ਼ੈਨ, ਜਬ ਹੈਰੀ ਮੈੱਟ ਸੇਜਲ ਅਤੇ ਜ਼ੀਰੋ ਵਰਗੀਆਂ ਫ਼ਿਲਮਾਂ ਬੌਕਸ ਆਫ਼ਿਸ ‘ਤੇ ਬੁਰੀ ਤਰ੍ਹਾਂ ਅਸਫ਼ਲ ਰਹੀਆਂ। ਇਸ ਅਸਫ਼ਲਤਾ ਤੋਂ ਬਾਅਦ ਸ਼ਾਹਰੁਖ਼ ਸੋਚ-ਵਿਚਾਰ ‘ਚ ਪੈ ਗਿਆ ਹੈ ਕਿ ਉਹ ਕਿਸ ਤਰ੍ਹਾਂ ਦੀ ਫ਼ਿਲਮ ਕਰੇ ਕਿ ਉਸ ਦਾ ਸਟਾਰਡਮ ਮੁੜ ਬੁਲੰਦੀ ਵੱਲ ਵੱਧ ਸਕੇ। ਜ਼ੀਰੋ ਦੀ ਅਸਫ਼ਲਤਾ ਤੋਂ ਬਾਅਦ ਸ਼ਾਹਰੁਖ਼ ਨੇ ਕੋਈ ਫ਼ਿਲਮ ਸਾਈਨ ਨਹੀਂ ਕੀਤੀ। ਉਸ ਨੂੰ ਕਈ ਫ਼ਿਲਮਾਂ ਦੀ ਪੇਸ਼ਕਸ਼ ਮਿਲੀ ਹੈ ਅਤੇ ਉਹ ਉਨ੍ਹਾਂ ਦੀ ਸਿਰਫ਼ ਸਕ੍ਰਿਪਟ ਹੀ ਪੜ੍ਹ ਰਿਹਾ ਹੈ।
ਚਰਚਾ ਹੈ ਕਿ ਮਧੁਰ ਭੰਡਾਰਕਰ ਦੀ ਫ਼ਿਲਮ ਇੰਸਪੈਕਟਰ ਗ਼ਾਲਿਬ ਦੀ ਸਕ੍ਰਿਪਟ ਸ਼ਾਹਰੁਖ਼ ਨੂੰ ਪਸੰਦ ਆਈ ਹੈ। ਜੇ ਸ਼ਾਹਰੁਖ਼ ਇਸ ਫ਼ਿਲਮ ‘ਚ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ ਤਾਂ ਉਹ ਇਸ ਵਿੱਚ ਇੱਕ ਇੰਸਪੈਕਟਰ ਦੇ ਰੂਪ ‘ਚ ਰੇਤ ਮਾਫ਼ੀਆ ਨਾਲ ਟੱਕਰ ਲੈਂਦਾ ਨਜ਼ਰ ਆਵੇਗਾ। ਦੂਜੇ ਪਾਸੇ, ਇਸ ਫ਼ਿਲਮ ਲਈ ਮਾਧੁਰੀ ਦੀਕਸ਼ਿਤ ਤਕ ਵੀ ਪਹੁੰਚ ਕੀਤੀ ਗਈ ਹੈ। ਸ਼ਾਹਰੁਖ਼ ਅਤੇ ਮਾਧੁਰੀ ਨੇ ਹੁਣ ਤਕ ਅੰਜਾਮ, ਦਿਲ ਤੋ ਪਾਗ਼ਲ ਹੈ, ਦੇਵਦਾਸ, ਹਮ ਤੁਮ੍ਹਾਰੇ ਹੈਂ ਸਨਮ ਸਮੇਤ ਕਈ ਫ਼ਿਲਮਾਂ ‘ਚ ਇਕੱਠੇ ਕੰਮ ਕੀਤਾ ਹੈ।
ਪਿਛਲੇ ਕੁਝ ਸਮੇਂ ਤੋਂ ਮਾਧੁਰੀ ਨੂੰ ਲਗਾਤਾਰ ਫ਼ਿਲਮਾਂ ਮਿਲ ਰਹੀਆਂ ਹਨ। ਹਾਲ ਹੀ ‘ਚ ਉਸ ਦੀ ਫ਼ਿਲਮ ਕਲੰਕ ਆਈ ਹੈ। ਇਸ ‘ਚ ਉਸ ਨੇ ਦੋ ਦਹਾਕੇ ਬਾਅਦ ਸੰਜੇ ਦੱਤ ਨਾਲ ਸਕ੍ਰੀਨ ਸਾਂਝੀ ਕੀਤੀ। ਸ਼ਾਹਰੁਖ਼ ਵੀ ਇਸ ਵਕਤ ਆਪਣੇ ਕਰੀਅਰ ਦੀ ਗੱਡੀ ਨੂੰ ਮੁੜ ਲੀਹ ‘ਤੇ ਲਿਆਉਣ ਦੀ ਕੋਸ਼ਿਸ਼ ‘ਚ ਹੈ। ਕੁਝ ਸਮਾਂ ਪਹਿਲਾਂ ਚਰਚਾ ਸੀ ਕਿ ਸ਼ਾਹਰੁਖ਼ ਖ਼ਾਨ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਕਰੇਗਾ, ਪਰ ਇਸ ਫ਼ਿਲਮ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ। ਉਸ ਨੂੰ ਫ਼ਿਲਮ ਦੀ ਸਕ੍ਰਿਪਟ ਕਾਫ਼ੀ ਪਸੰਦ ਸੀ, ਪਰ ਫ਼ਿਰ ਵੀ ਅਖ਼ੀਰ ਉਸ ਨੇ ਇਸ ਨੂੰ ਇਨਕਾਰ ਕਰ ਦਿੱਤਾ।