ਨਵੀਂ ਦਿੱਲੀ—ਭਾਰਤੀ ਮੌਸਮ ਵਿਭਾਗ ਨੇ ਦੱਖਣੀ-ਪੂਰਬ ਬੰਗਾਲ ਦੀ ਖਾੜੀ ਦੇ ਉੱਪਰ ਬਣੇ ਡੂੰਘਾ ਦਬਾਅ ਵਾਲਾ ਖੇਤਰ ਹੁਣ ਇੱਕ ਚੱਕਰਵਤੀ ਤੂਫਾਨ ‘ਚ ਤਬਦੀਲ ਹੋ ਗਿਆ ਹੈ। ਇਸ ਚੱਕਰਵਤੀ ਤੂਫਾਨ ਨੂੰ ‘ਫਾਨੀ’ ਨਾਂ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਤੀ ਤੂਫਾਨ ‘ਫਾਨੀ’ ਅੱਗੇ ਗੰਭੀਰ ਚੱਕਰਵਤੀ ਤੂਫਾਨ ‘ਚ ਤਬਦੀਲ ਹੋਵੇਗਾ ਅਤੇ ਇਹ ਚੱਕਰਵਤੀ ਤੂਫਾਨ 30 ਅਪ੍ਰੈਲ ਦੀ ਸ਼ਾਮ ਉੱਤਰ ਤਾਮਿਲਨਾਡੂ ਅਤੇ ਦੱਖਣੀ ਆਧਰਾ ਪ੍ਰਦੇਸ਼ ਦੇ ਤੱਟਾਂ ਤੱਕ ਪਹੁੰਚ ਸਕਦਾ ਹੈ। ਚੱਕਰਵਤੀ ‘ਫਨੀ’ ਹੁਣ ਪੂਰਬੀ ਭੂ-ਮੱਧ ਰੇਖਾ ਹਿੰਦ ਮਹਾਸਾਗਰ ਅਤੇ ਨੇੜੇ ਦੇ ਦੱਖਣੀ ਪੂਰਬ ਬੰਗਾਲ ਦੀ ਖਾੜੀ ‘ਚ ਸਥਿਤ ਹੈ।
ਭਾਰਤੀ ਮੌਸਮ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮ੍ਰਿਤੂਜੈ ਮਹਾਪਾਤਰਾ ਨੇ ਕਿਹਾ, ”ਸਾਡੇ ਅੰਦਾਜ਼ੇ ਮੁਤਾਬਕ ਇਹ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਤੱਟਾਂ ਕੋਲ ਪਹੁੰਚ ਜਾਵੇਗਾ ਪਰ ਇਸ ਚੱਕਰਵਤੀ ਤੂਫਾਨ ਦਾ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੈ। ਤੱਟ ‘ਤੇ ਪਹੁੰਚਣ ਤੋਂ ਪਹਿਲਾਂ ਇਹ ਮੁੜ ਸਕਦਾ ਹੈ। ਅਸੀਂ ਇਸਦੇ ਰਸਤੇ ‘ਤੇ ਨਜ਼ਰ ਰੱਖੀ ਹੋਈ ਹੈ।” ਦੱਸ ਦੇਈਏ ਕਿ ਮਹਾਪਾਤਰਾ ਚੱਕਰਵਾਤ ਚੇਤਾਵਨੀ ਵਿਭਾਗ ਦੇ ਮੁਖੀ ਵੀ ਹਨ।
ਚੇੱਨਈ ‘ਚ ਖੇਤਰੀ ਚੱਕਰਵਾਤ ਚਿਤਾਵਨੀ ਕੇਂਦਰ ਦੇ ਡਾਇਰੈਕਟਰ ਐੱਸ. ਬਾਲਚੰਦਰਨ ਨੇ ਕਿਹਾ, ”ਇਹ ‘ਫਾਨੀ’ ਤੂਫਾਨ ਨੇ ਅਗਲੇ 24 ਘੰਟਿਆਂ ‘ਚ ਇੱਕ ਗੰਭੀਰ ਚੱਕਰਵਤੀ ਤੂਫਾਨ ‘ਚ ਤਬਦੀਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਦੇ ਸੁਝਾਅ ‘ਤੇ ਤੂਫਾਨ ਦਾ ਨਾਂ ‘ਫਾਨੀ’ ਰੱਖਿਆ ਗਿਆ ਹੈ। ਇਹ ਤੂਫਾਨ ਉੱਤਰ-ਪੱਛਮੀ ਦਿਸ਼ਾ ‘ਚ ਅੱਗੇ ਵੱਧੇਗਾ ਅਤੇ 30 ਅਪ੍ਰੈਲ ਨੂੰ ਉਤਰ ਤਾਮਿਲਨਾਡੂ ਅਤੇ ਦੱਖਣੀ ਆਧਰਾ ਪ੍ਰਦੇਸ਼ ਤੱਟਾਂ ਕੋਲ ਪਹੁੰਚੇਗਾ। ਉਨ੍ਹਾਂ ਨੇ ਕਿਹਾ ਹੈ ਕਿ ਫਿਲਹਾਲ ਤੂਫਾਨ ਦੇ ਤਾਮਿਲਨਾਡੂ ਤੱਟ ਨੂੰ ਪਾਰ ਕਰਨ ਦੀ ਉਮੀਦ ਘੱਟ ਹੈ ਪਰ ਇਸ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਦੌਰਾਨ ਮੌਸਮ ਵਿਭਾਗ ਅਨੁਸਾਰ 29 ਅਤੇ 30 ਅਪ੍ਰੈਲ ਨੂੰ ਕੇਰਲ ਦੇ ਕਈ ਸਥਾਨਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ। 30 ਅਪ੍ਰੈਲ ਅਤੇ 1 ਮਈ ਨੂੰ ਉੱਤਰ ਤੱਟੀ ਤਾਮਿਲਨਾਡੂ ਅਤੇ ਦੱਖਣੀ ਤੱਟੀ ਆਧਰਾ ਪ੍ਰਦੇਸ਼ ਦੇ ਕੁਝ ਸਥਾਨਾਂ ‘ਤੇ ਹਲਕੀ ਬਾਰਿਸ਼ ਤੋਂ ਮੱਧਮ ਦਰਜੇ ਦੀ ਬਾਰਿਸ਼ ਹੋ ਸਕਦੀ ਹੈ। ਵਿਭਾਗ ਨੇ ਕਿਹਾ ਹੈ ਕਿ 28 ਅਪ੍ਰੈਲ ਤੋਂ ਸ਼੍ਰੀਲੰਕਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਤੱਟਾਂ ਨਾਲ ਲੱਗਦੇ ਸਮੁੰਦਰ ਤੋਂ ਉੱਚੀਆਂ ਲਹਿਰਾਂ ਉਠਣ ਦੀ ਸੰਭਾਵਨਾ ਹੈ। ਵਿਭਾਗ ਨੇ ਸ਼੍ਰੀਲੰਕਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਤੱਟਾਂ ਦੇ ਮਛੇਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਮੁੰਦਰ ‘ਚ ਨਾ ਉਤਰਨ।