ਪੱਛਮੀ ਬੰਗਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੱਛਮੀ ਬੰਗਾਲ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਤਿੱਖਾ ਹਮਲਾ ਬੋਲਿਆ। ਪੀ.ਐੱਮ. ਨੇ ਸੇਰਮਪੁਰ ‘ਚ ਰੈਲੀ ਦੌਰਾਨ ਕਿਹਾ ਕਿ ਚੋਣਾਂ ਤੋਂ ਬਾਅਦ ਟੀ.ਐੱਮ.ਸੀ. ਦੇ ਕਈ ਵਿਧਾਇਕ ਪਾਰਟੀ ਛੱਡਣ ਵਾਲੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਟੀ.ਐੱਮ.ਸੀ. ਦੇ 40 ਵਿਧਾਇਕ ਭਾਜਪਾ ਦੇ ਸੰਪਰਕ ‘ਚ ਹਨ। ਪੀ.ਐੱਮ. ਮੋਦੀ ਦਾ ਇਹ ਬਿਆਨ ਬੰਗਾਲ ਦੀ ਰਾਜਨੀਤੀ ‘ਚ ਕਾਫੀ ਉੱਥਲ-ਪੁੱਥਲ ਪੈਦਾ ਕਰ ਸਕਦਾ ਹੈ। ਪੀ.ਐੱਮ. ਨੇ ਮਮਤਾ ਬੈਨਰਜੀ ਦੇ ਉਸ ਬਿਆਨ ‘ਤੇ ਵੀ ਪ੍ਰਤੀਕਿਰਿਆ ਦਿੱਤੀ, ਜਿਸ ‘ਚ ਮੁੱਖ ਮੰਤਰੀ ਨੇ ਮੋਦੀ ਨੂੰ ਕੰਕੜ ਵਾਲਾ ਰਸਗੁੱਲਾ ਖਿਲਾਉਣ ਦੀ ਗੱਲ ਕਹੀ ਸੀ। ਮੋਦੀ ਨੇ ਕਿਹਾ ਕਿ ਜਿਸ ਦੇਸ਼ ਦੀ ਮਿੱਟੀ ‘ਚ ਵੱਡੇ-ਵੱਡੇ ਮਹਾਪੁਰਸ਼ਾਂ ਨੇ ਜਨਮ ਲਿਆ, ਉੱਥੇ ਦਾ ਕੰਕੜ ਵਾਲਾ ਰਸਗੁੱਲਾ ਵੀ ਮੇਰੇ ਲਈ ਪ੍ਰਸਾਦ ਦੀ ਤਰ੍ਹਾਂ ਹੋਵੇਗਾ।
ਦੀਦੀ ਤੁਹਾਡੇ 40 ਵਿਧਾਇਕ ਸਾਡੇ ਸੰਪਰਕ ‘ਚ
ਪੱਛਮੀ ਬੰਗਾਲ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਲੀ ਦੀਦੀ, ਸਿਰਫ ਇੰਨਾ ਸਮਝ ਲਵੋ, ਇਹ ਦੇਸ਼ ਦੀ ਜਨਤਾ ਗਲਤੀ ਮੁਆਫ਼ ਕਰ ਸਕਦੀ ਹੈ ਪਰ ਵਿਸ਼ਵਾਸਘਾਤ ਨੂੰ ਮੁਆਫ਼ ਨਹੀਂ ਕਰ ਸਕਦੀ। ਦੀਦੀ, ਤੁਹਾਡੀ ਜ਼ਮੀਨ ਖਿੱਸਕ ਚੁਕੀ ਹੈ ਅਤੇ ਦੀਦੀ ਦੇਖ ਲੈਣਾ ਕਿ ਜਦੋਂ 23 ਤਾਰੀਕ ਨੂੰ ਨਤੀਜੇ ਆਉਣਗੇ ਅਤੇ ਜਦੋਂ ਚਾਰੇ ਪਾਸੇ ਕਮਲ ਖਿੜੇਗਾ ਤਾਂ ਤੁਹਾਡੇ ਵਿਧਾਇਕ ਵੀ ਤੁਹਾਨੂੰ ਛੱਡ ਕੇ ਦੌੜ ਜਾਣਗੇ। ਅੱਜ ਵੀ ਤੁਹਾਡੇ 40 ਵਿਧਾਇਕ ਸਾਡੇ ਸੰਪਰਕ ‘ਚ ਹਨ। ਦੀਦੀ ਤੁਹਾਡਾ ਬਚਣਾ ਮੁਸ਼ਕਲ ਹੈ, ਕਿਉਂਕਿ ਤੁਸੀਂ ਵਿਸ਼ਵਾਸਘਾਤ ਕੀਤਾ ਹੈ।
ਮਿੱਟੀ ਵਾਲੇ ਰੱਸਗੁੱਲੇ ਦਾ ਇੰਤਜ਼ਾਰ
ਉਨ੍ਹਾਂ ਨੇ ਕਿਹਾ ਕਿ ਦੀਦੀ ਨੇ ਐਲਾਨ ਕੀਤਾ ਹੈ ਕਿ ਉਹ ਬੰਗਾਲ ਦੀ ਮਿੱਟੀ ਅਤੇ ਪੱਥਰਾਂ ਨਾਲ ਬਣਿਆ ਰਸਗੁੱਲਾ ਖਿਲਾਉਣਾ ਚਾਹੁੰਦੀ ਹੈ। ਵਾਹ! ਕੀ ਕਿਸਮਤ ਹੈ! ਜਿਸ ਮਿੱਟੀ ‘ਤੇ ਰਾਮਕ੍ਰਿਸ਼ਨ ਪਰਮਹੰਸ ਪੈਦਾ ਹੋਏ, ਜਿਸ ਮਿੱਟੀ ‘ਤੇ ਸਵਾਮੀ ਵਿਵੇਕਾਨੰਦ ਪੈਦਾ ਹੋਏ, ਚੈਤਨਯ ਮਹਾਪ੍ਰਭੂ ਪੈਦਾ ਹੋਏ, ਨੇਤਾਜੀ ਸੁਭਾਸ਼ ਬਾਬੂ ਅਤੇ ਸ਼ਯਾਮਾਪ੍ਰਸਾਦ ਮੁਖਰਜੀ ਪੈਦਾ ਹੋਏ। ਅਜਿਹੇ ਅਣਗਣਿਤ ਮਹਾਪੁਰਸ਼ ਜਿਨ੍ਹਾਂ ਦੇ ਚਰਨਾਂ ਦੀ ਧੂੜ ਬੰਗਾਲ ਦੀ ਮਿੱਟੀ ਰਹੀ ਹੈ, ਉਸ ਦਾ ਰਸਗੁੱਲਾ ਮੋਦੀ ਲਈ ਮਿਲੇਗਾ, ਇਹ ਤਾਂ ਮੋਦੀ ਲਈ ਪ੍ਰਸਾਦ ਹੋਵੇਗਾ। ਦੀਦੀ ਮੇਰੀ ਕਿਸਮਤ ਖੁੱਲ੍ਹ ਜਾਵੇਗੀ, ਕਿਉਂਕਿ ਮੇਰੇ ਲਈ ਮਿੱਟੀ ਪ੍ਰੇਰਨਾ ਹੈ, ਊਰਜਾ ਹੈ। ਮੈਂ ਇੰਤਜ਼ਾਰ ਕਰਾਂਗਾ, ਬੰਗਾਲ ਦੇ ਮਿੱਟੀ ਦੇ ਰਸਗੁੱਲੇ ਲਈ। ਦੀਦੀ ਤੁਸੀਂ ਇਹ ਵੀ ਕਿਹਾ ਹੈ ਕਿ ਰਸਗੁੱਲੇ ‘ਚ ਇੱਥੇ ਦੇ ਪੱਥਰ ਵੀ ਹੋਣਗੇ ਤਾਂ ਮੈਂ ਇਸ ਦਾ ਵੀ ਆਭਾਰੀ ਹਾਂ। ਪੱਥਰ ਭੇਜੋਗੇ ਤਾਂ ਇੱਥੋਂ ਦੇ ਨਾਗਰਿਕਾਂ ਦੇ ਮੱਥੇ ਫੁੱਟਣ ਤੋਂ ਬਚਣਗੇ, ਕਿਉਂਕਿ ਇਨ੍ਹਾਂ ਪੱਥਰਾਂ ਨਾਲ ਟੀ.ਐੱਮ.ਸੀ. ਦੇ ਗੁੰਡੇ ਇੱਥੇ ਦੇ ਨਾਗਰਿਕਾਂ ਦਾ ਮੱਥਾ ਭੰਨਦੇ ਹਨ।