ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਨੇੜੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਉਨ੍ਹਾਂ ਦੀ ਕੋਠੀ ਦੇ ਨੇੜਲੇ ਇਕ ਘਰ ‘ਚ ਚੋਰ ਲੱਖਾਂ ਦਾ ਮਾਲ ਉਡਾ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਸ ਦੇ ਵੀ ਹੋਸ਼ ਉੱਡ ਗਏ ਹਨ। ਜਾਣਕਾਰੀ ਮੁਤਾਬਕ ਇਸ ਘਰ ‘ਚ ਰਹਿਣ ਵਾਲਾ ਖੰਨਾ ਪਰਿਵਾਰ ਬਾਹਰ ਗਿਆ ਹੋਇਆ ਸੀ। ਪਰਿਵਾਰ ਦੀ ਇਕ ਔਰਤ, ਜੋ ਕਿ ਇੰਗਲੈਂਡ ‘ਚ ਰਹਿੰਦੀ ਹੈ, ਜਦੋਂ ਉਸ ਨੇ ਆਪਣੇ ਇੰਟਰਨੈੱਟ ਰਾਹੀਂ ਘਰ ਦੇ ਸੀ. ਸੀ. ਟੀ. ਵੀ. ਕੈਮਰੇ ਹਿੱਲੇ ਹੋਏ ਦੇਖੇ ਤਾਂ ਉਸ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੇ ਘਰ ਵਾਲਿਆਂ ਨੂੰ ਸੂਚਿਤ ਕੀਤਾ।
ਜਦੋਂ ਘਰ ਵਾਲੇ ਘਰ ਅੰਦਰ ਦਾਖਲ ਹੋਏ ਤਾਂ ਦੇਖਿਆ ਕਿ ਉਨ੍ਹਾਂ ਦੇ ਘਰ ‘ਚ ਚੋਰੀ ਹੋ ਚੁੱਕੀ ਹੈ ਅਤੇ ਘਰ ‘ਚ ਪਈ ਨਕਦੀ ਅਤੇ ਲੱਖਾਂ ਦੇ ਗਹਿਣੇ ਗਾਇਬ ਹਨ। ਚੋਰਾਂ ਨੇ ਘਰ ਦੀ ਖਿੜਕੀ ਕੱਟ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ ਖੰਨਾ ਪਰਿਵਾਰ ਰਹਿੰਦਾ ਹੈ, ਉਸ ਤੋਂ 200 ਮੀਟਰ ਦੂਰ ਹੀ ਨਵਜੋਤ ਸਿੱਧੂ ਦਾ ਘਰ ਹੈ ਅਤੇ ਸਿੱਧੂ ਦੀ ਸੁਰੱਖਿਆ ਦਾ ਕਾਫਲਾ ਦਿਨ ‘ਚ ਕਈ ਵਾਰ ਖੰਨਾ ਪਰਿਵਾਰ ਦੇ ਘਰ ਅੱਗਿਓਂ ਲੰਘਦਾ ਹੈ। ਸਿਰਫ ਇੰਨਾ ਹੀ ਨਹੀਂ, ਘਰ ਤੋਂ 100 ਮੀਟਰ ਦੂਰ ਇਕ ਵੱਡੇ ਪੁਲਸ ਅਧਿਕਾਰੀ ਦਾ ਵੀ ਘਰ ਹੈ। ਫਿਲਹਾਲ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਿੱਧੂ ਵਰਗੇ ਵੱਡੇ ਮੰਤਰੀ ਦਾ ਇਲਾਕਾ ਦੀ ਮਹਿਫੂਜ਼ ਨਹੀਂ ਹੈ ਤਾਂ ਆਮ ਜਨਤਾ ਕਿਵੇਂ ਮਹਿਫੂਜ਼ ਰਹੇਗੀ। ਇਸ ਘਟਨਾ ਤੋਂ ਬਾਅਦ ਹਰ ਪਾਸੇ ਪੁਲਸ ਦੀ ਵੀ ਕਿਰਕਿਰੀ ਹੋ ਰਹੀ ਹੈ ਅਤੇ ਇਸ ਘਟਨਾ ਨੇ ਪੁਲਸ ਦੀ ਸੁਰੱਖਿਆ ‘ਤੇ ਵੀ ਸਵਾਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।