ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰਾਨਸੀ ਸੀਟ ਤੋਂ ਚੁਣੌਤੀ ਦੇਣ ਵਾਲੇ ਬੀ. ਐੱਸ. ਐੈੱਫ. ਦੇ ਸਾਬਕਾ ਜਵਾਨ ਤੇਜ ਬਹਾਦਰ ਯਾਦਵ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਧਾਈ ਦਿੱਤੀ। ਇੱਥੇ ਦੱਸ ਦੇਈਏ ਕਿ ਭੋਜਨ ਦੀ ਖਰਾਬ ਗੁਣਵੱਤਾ ਨੂੰ ਲੈ ਕੇ ਸ਼ਿਕਾਇਤ ਕਰਨ ਤੋਂ ਬਾਅਦ 2017 ‘ਚ ਬਰਖਾਸਤ ਕੀਤੇ ਗਏ ਬੀ. ਐੱਸ. ਐੱਫ. ਦੇ ਸਾਬਕਾ ਜਵਾਨ ਯਾਦਵ ਨੂੰ ਉੱਤਰ ਪ੍ਰਦੇਸ਼ ਵਿਚ ਬਸਪਾ, ਸਪਾ ਗਠਜੋੜ ਨੇ ਉਮੀਦਵਾਰ ਐਲਾਨ ਕੀਤਾ ਹੈ।
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, ”ਹਰਿਆਣਾ ਦੀ ਮਿੱਟੀ ਵਿਚ ਕੁਝ ਤਾਂ ਖਾਸ ਹੈ। ਪਿਛਲੀ ਵਾਰ ਵੀ ਹਰਿਆਣਾ ਵਾਲੇ ਨੇ ਮੋਦੀ ਜੀ ਨੂੰ ਵਾਰਾਨਸੀ ‘ਚ ਚੁਣੌਤੀ ਦਿੱਤੀ ਸੀ, ਇਸ ਵਾਰ ਵੀ ਹਰਿਆਣਾ ਦਾ ਜਵਾਨ ਮੋਦੀ ਜੀ ਨੂੰ ਟੱਕਰ ਦੇਣ ਪੁੱਜਾ ਹੈ। ਸਪਾ-ਬਸਪਾ ਗਠਜੋੜ ਦੇ ਇਸ ਉਮੀਦਵਾਰ ਨੂੰ ਪੂਰੇ ਦੇਸ਼ ਵਲੋਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।”
ਦੱਸਣਯੋਗ ਹੈ ਕਿ ਕੇਜਰੀਵਾਲ ਹਰਿਆਣਾ ਵਿਚ ਜਨਮੇ ਅਤੇ 2014 ਦੀਆਂ ਆਮ ਚੋਣਾਂ ‘ਚ ਮੋਦੀ ਵਿਰੁੱਧ ਖੜ੍ਹੇ ਹੋਏ ਸਨ ਪਰ ਉਨ੍ਹਾਂ ਨੂੰ ਕਰੀਬ 3 ਲੱਖ ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੋਦੀ 5 ਲੱਖ ਤੋਂ ਵਧੇਰੇ ਵੋਟਾਂ ਨਾਲ ਜਿੱਤੇ ਸਨ। ਇਸ ਸਾਲ ਵਾਰਾਨਸੀ ‘ਚ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੀਆਂ ਚੋਣਾਂ 19 ਮਈ ਨੂੰ ਹੋਣਗੀਆਂ।