ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਉਹ ਅਭਿਨੇਤਾ ਇਰਫ਼ਾਨ ਖ਼ਾਨ ਦੀ ਵੱਡੀ ਫ਼ੈਨ ਹੈ। ਇਰਫ਼ਾਨ ਕੈਂਸਰ ਨਾਲ ਜੰਗ ਜਿੱਤਣ ਤੋਂ ਬਾਅਦ ਛੇਤੀ ਹੀ ਫ਼ਿਲਮ ਇੰਗਲਿਸ਼ ਮੀਡੀਅਮ ਨਾਲ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰੇਗਾ। ਇਹ ਉਸ ਦੀ ਪਹਿਲੀ ਫ਼ਿਲਮ ਹਿੰਦੀ ਮੀਡੀਅਮ ਦਾ ਸੀਕੁਅਲ ਹੈ। ਇਸ ਸੀਕੁਅਲ ‘ਚ ਕਰੀਨਾ ਕਪੂਰ ਅਹਿਮ ਕਿਰਦਾਰ ਨਿਭਾਏਗੀ। ਕਰੀਨਾ ਨੇ ਹਾਲ ਹੀ ‘ਚ ਗੱਲਬਾਤ ਦੌਰਾਨ ਕਿਹਾ ਕਿ ਉਹ ਇਰਫ਼ਾਨ ਦੀ ਵੱਡੀ ਪ੍ਰਸ਼ੰਸਕ ਹੈ।
ਕਰੀਨਾ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਇਸ ਫ਼ਿਲਮ ‘ਚ ਕੰਮ ਕਰਨਾ ਮੇਰੇ ਲਈ ਇੱਕ ਯਾਦਗਾਰੀ ਸਫ਼ਰ ਰਹੇਗਾ। ਨਾ ਹੀ ਇਸ ਫ਼ਿਲਮ ਵਿੱਚ ਸਾਡੇ ਦੋਹਾਂ ਵਿਚਕਾਰ ਕੋਈ ਰੋਮੈਂਟਿਕ ਕੈਮਿਸਟਰੀ ਹੈ।” ਕਰੀਨਾ ਨੇ ਕਿਹਾ, ”ਮੇਰਾ ਇਸ ਫ਼ਿਲਮ ‘ਚ ਛੋਟਾ ਪਰ ਬੇਹੱਦ ਦਿਲਚਸਪ ਕਿਰਦਾਰ ਹੈ। ਮੈਨੂੰ ਲਗਦਾ ਹੈ ਕਿ ਇਸ ਕਿਰਦਾਰ ਜ਼ਰੀਏ ਮੈਨੂੰ ਕੁੱਝ ਵੱਖਰਾ ਕਰਨ ਦਾ ਮੌਕਾ ਮਿਲੇਗਾ ਅਤੇ ਇਹ ਮੇਰੀ ਅਦਾਕਾਰੀ ਨੂੰ ਹੋਰ ਪ੍ਰਪੱਕ ਬਣਾਏਗਾ। ਹੋਮੀ ਅਦਜਾਨਿਆ ਅਤੇ ਇਰਫ਼ਾਨ ਵਰਗੇ ਕਲਾਕਾਰ ਇਹ ਮੇਰੇ ਲਈ ਇੱਕ ਵੱਖਰੀ ਦੁਨੀਆ ਵਾਂਗ ਹਨ ਅਤੇ ਮੈਨੂੰ ਲਗਦਾ ਹੈ ਕਿ ਇਹ ਮੇਰੇ ਲਈ ਇੱਕ ਸ਼ਾਨਦਾਰ ਤਜ਼ਰਬਾ ਰਹੇਗਾ।”
ਜਾਣਕਾਰੀ ਮੁਤਾਬਕ ਫ਼ਿਲਮ ‘ਚ ਕਰੀਨਾ ਇੱਕ ਪੁਲੀਸ ਅਧਿਕਾਰੀ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਹੁਣ ਤਕ ਕਰੀਨਾ ਨੇ ਕਿਸੇ ਫ਼ਿਲਮ ‘ਚ ਅਜਿਹਾ ਕਿਰਦਾਰ ਨਹੀਂ ਨਿਭਾਇਆ। ਅਭਿਨੇਤਰੀ ਰਾਧਿਕਾ ਮਦਾਨ ਇਸ ਫ਼ਿਲਮ ‘ਚ ਇਰਫ਼ਾਨ ਦੀ ਬੇਟੀ ਦੀ ਭੂਮਿਕਾ ‘ਚ ਹੋਵੇਗੀ। ਫ਼ਿਲਹਾਲ ਫ਼ਿਲਮ ਦੇ ਪਹਿਲੇ ਸ਼ਕੈਜੁਅਲ ਦੀ ਸ਼ੂਟਿੰਗ ਰਾਜਸਥਾਨ ‘ਚ ਚੱਲ ਰਹੀ ਹੈ ਅਤੇ ਅਗਲੇ ਸਕੈਜੁਅਲ ਦੀ ਸ਼ੂਟਿੰਗ ਇੰਗਲੈਂਡ ‘ਚ ਹੋਵੇਗੀ। ਇਸ ਵਕਤ ਕਰੀਨਾ ਕੋਲ ਕਾਫ਼ੀ ਫ਼ਿਲਮਾਂ ਹਨ। ਆਉਣ ਵਾਲੇ ਦਿਨਾਂ ‘ਚ ਉਹ ਕਰਨ ਜੌਹਰ ਵਲੋਂ ਵੱਡੇ ਬਜਟ ਨਾਲ ਬਣਾਈ ਜਾਣ ਵਾਲੀ ਫ਼ਿਲਮ ਤਖ਼ਤ ‘ਚ ਵੀ ਮੁੱਖ ਭੂਮਿਕਾ ਨਿਭਾਏਗੀ। ਇਹ ਇੱਕ ਮਲਟੀ ਸਟਾਰਰ ਫ਼ਿਲਮ ਹੈ।