ਵਾਸ਼ਿੰਗਟਨ – ਕਿਹਾ ਜਾਂਦਾ ਹੈ ਕਿ ਕਿਸੇ ਦਰਦ ਨੂੰ ਭੁੱਲਣਾ ਹੈ ਤਾਂ ਕੋਈ ਖ਼ੁਸ਼ੀ ਦਾ ਪਲ ਯਾਦ ਕਰੋ। ਖ਼ੁਸ਼ੀ ਨੂੰ ਯਾਦ ਕਰਨ ਨਾਲ ਦਰਦ ਦਾ ਅਹਿਸਾਸ ਖ਼ੁਦ ਚਲਾ ਜਾਂਦਾ ਹੈ। ਮੈਡੀਕਲ ਦੀ ਦੁਨੀਆ ‘ਚ ਵੀ ਇਸ ਗੱਲ ਨੂੰ ਆਧਾਰ ਬਣਾਇਆ ਜਾਣ ਲੱਗਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਰਚੁਅਲ ਰਿਐਲਟੀ (VR) ਯਾਨੀ ਵਰਚੁਅਲ ਦੁਨੀਆ ਦਾ ਇਸਤੇਮਾਲ ਇੱਕ ਮਦਦਗਾਰ ਪੇਨਕਿਲਰ ਵਾਂਗ ਕੀਤਾ ਜਾ ਸਕਦਾ ਹੈ। ਵਰਚੁਅਲ ਰਿਐਲਟੀ ‘ਚ 3D ਟੈਕਨੌਲੋਜੀ ਦੀ ਮਦਦ ਨਾਲ ਵਿਅਕਤੀ ਨੂੰ ਕਿਸੇ ਹੋਰ ਦੁਨੀਆ ‘ਚ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।
ਕਿਸੇ ਬੰਦ ਕਮਰੇ ‘ਚ ਵੀ ਉਸ ਨੂੰ ਪਹਾੜਾਂ ‘ਤੇ ਘੁੰਮਣ ਜਾਂ ਕਿਸੇ ਸਮੁੰਦਰ ‘ਚ ਗੋਤੇ ਲਾਉਣ ਦਾ ਅਹਿਸਾਸ ਹੁੰਦਾ ਹੈ। ਇਸ ਵਰਚੁਅਲ ਦੁਨੀਆ ਦਾ ਅਹਿਸਾਸ ਉਸ ਨੂੰ ਬਾਕੀ ਕੁੱਝ ਵੀ ਮਹਿਸੂਸ ਨਹੀਂ ਕਰਨ ਦਿੰਦਾ। ਕਿਸੇ ਇਨਸਾਨ ਨੂੰ ਦਰਦ ਇਸ ਲਈ ਮਹਿਸੂਸ ਹੁੰਦਾ ਹੈ ਕਿ ਸੱਟ ਵਾਲੀ ਥਾਂ ਤੋਂ ਦਰਦ ਦੇ ਸਿਗਨਲ ਉਸ ਦੇ ਦਿਮਾਗ਼ ਤਕ ਪਹੁੰਚਦੇ ਹਨ। ਜੇ ਦਿਮਾਗ਼ ਕਿਸੇ ਹੋਰ ਅਹਿਸਾਸ ‘ਚ ਗੁਆਚ ਜਾਵੇ ਤਾਂ ਉਹ ਉਸ ਦਰਦ ਦੇ ਸੰਦੇਸ਼ ‘ਤੇ ਧਿਆਨ ਨਹੀਂ ਦਿੰਦਾ ਹੈ। ਛੋਟੇ ਬੱਚਿਆਂ ਨੂੰ ਇੰਜੈਕਸ਼ਨ ਲਾਉਂਦੇ ਸਮੇਂ ਇਸੇ ਸਿਧਾਂਤ ਨੂੰ ਧਿਆਨ ‘ਚ ਰੱਖਦੇ ਹੋਏ ਮਾਹਿਰ ਉਨ੍ਹਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ। ਅਕਸਰ ਬੱਚਿਆਂ ਨੂੰ ਉਨ੍ਹਾਂ ਦਾ ਮਨਪਸੰਦ ਖਿਡੌਣਾ ਦੇ ਕੇ ਵਰਗਲਾਇਆ ਜਾਂਦਾ ਹੈ। ਖਿਡੌਣੇ ਨਾਲ ਖੇਡਣ ਦੀ ਖ਼ੁਸ਼ੀ ‘ਚ ਬੱਚੇ ਨੂੰ ਪਤਾ ਹੀ ਨਹੀਂ ਲਗਦਾ ਕਦੋਂ ਉਸ ਨੂੰ ਇੰਜੈਕਸ਼ਨ ਲਾ ਦਿੱਤਾ ਗਿਆ।
ਮਾਹਿਰਾਂ ਦੀ ਦੁਨੀਆ ‘ਚ ਇਸ ਨੂੰ ਡਿਸਟ੍ਰੈਕਸ਼ਨ ਯਾਨੀ ਧਿਆਨ ਭਟਕਾਉਣ ਦੀ ਤਕਨੀਕ ਕਿਹਾ ਜਾਂਦਾ ਹੈ। ਦਰਦ ਦੀ ਸਸਤੀ ਦਵਾਈ ਹੈ VR, ਅਤੇ ਮੌਜੂਦਾ ਸਮੇਂ ‘ਚ ਵਰਚੁਅਲ ਰਿਐਲਟੀ ਦੀ ਤਕਨੀਕ ਮਦਦਗਾਰ, ਨੁਕਸਾਨ ਰਹਿਤ ਅਤੇ ਸਸਤੀ ਪੇਨਕਿਲਰ ਬਣ ਕੇ ਸਾਹਮਣੇ ਆਈ ਹੈ। ਯੂਨੀਵਰਸਿਟੀ ਔਫ਼ ਵਾਸ਼ਿੰਗਟਨ ਦੇ ਹੰਟਰ ਹੌਫ਼ਮੈਨ ਨੇ ਕਿਹਾ ਕਿ VR ਇੱਕ ਬੇਹੱਦ ਸ਼ਾਨਦਾਰ ਤਕਨੀਕ ਹੈ। ਇੱਕ ਕਮਰੇ ‘ਚ 10 ਤੋਂ 20 ਮਿੰਟ ਦਾ ਸਮਾਂ ਸਭ ਕੁੱਝ ਬਦਲ ਦਿੰਦਾ ਹੈ। 3D ਡਿਵਾਈਸ ਦੀ ਮਦਦ ਨਾਲ ਇੱਕ ਨਵੀਂ ਦੁਨੀਆ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਹ ਤਕਨੀਕ ਸਾਡੇ ਅੰਦਰ ਕਈ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਕਰ ਦਿੰਦੀ ਹੈ। ਸਾਡਾ ਦਿਮਾਗ਼ ਇਨ੍ਹਾਂ ਸਾਰੀਆਂ ਭਾਵਨਾਵਾਂ ਨੂੰ ਸੰਭਾਲਣ ‘ਚ ਇੰਨਾ ਰੁਝਿਆ ਰਹਿੰਦਾ ਹੈ ਕਿ ਉਸ ਦਾ ਧਿਆਨ ਦਰਦ ਦੇ ਸਿਗਨਲ ਵੱਲ ਜਾਂਦਾ ਹੀ ਨਹੀਂ। ਅਜਿਹਾ ਵੀ ਕਹਿ ਸਕਦੇ ਹਾਂ ਕਿ ਜਦੋਂ ਦਰਦ ਦਾ ਸਿਗਨਲ ਦਿਮਾਗ਼ ਦੇ ਦਰਵਾਜ਼ੇ ‘ਤੇ ਦਸਤਕ ਦਿੰਦਾ ਹੈ ਤਾਂ ਉਥੇ ਉਸ ਨੂੰ ਕੋਈ ਜਵਾਬ ਹੀ ਨਹੀਂ ਮਿਲਦਾ। ਜੇ ਵਰਚੁਅਲ ਰਿਐਲਟੀ ਲੋਕਾਂ ਨੂੰ ਦਰਦ ਤੋਂ ਰਾਹਤ ਦੇ ਸਕੇ ਤਾਂ ਇਸ ਤੋਂ ਬਿਹਤਰ ਹੋਰ ਕੀ ਹੋਵੇਗਾ? ਲੋਕਾਂ ਨੂੰ ਸਮਝਾਉਣਾ ਹੋਵੇਗਾ ਕਿ ਵਰਚੁਅਲ ਰਿਐਲਟੀ ‘ਚ ਸਭ ਕੁੱਝ ਗ਼ਲਤ ਹੀ ਨਹੀਂ ਜਿਵੇਂ ਕਿ ਅਕਸਰ ਕੁੱਝ ਲੋਕ ਕਹਿ ਦਿੰਦੇ ਹਨ।
ਕੰਬੋਜ