ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਫ਼ੈਨਜ਼ ਦੇ ਦਿਲਾਂ ‘ਚ ਬਹੁਤ ਪਿਆਰ ਹੈ ਅਤੇ ਜ਼ਿਆਦਾਤਰ ਲੋਕ ਸੁਰੱਖਿਆ ਘੇਰਾ ਤੋੜ ਕੇ ਮੈਦਾਨ ‘ਚ ਉਸ ਨੂੰ ਮਿਲਣ ਲਈ ਪਹੁੰਚ ਜਾਂਦੇ ਹਨ। ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰਕਿੰਗਜ਼ ਦਰਮਿਆਨ ਇੱਕ ਮੈਚ ਦੌਰਾਨ ਇਸ ਤਰ੍ਹਾਂ ਦਾ ਇੱਕ ਪ੍ਰਸ਼ੰਸਕ ਦੇਖਣ ਨੂੰ ਮਿਲਿਆ ਜੋ ਧੋਨੀ ਦੇ ਪਿਆਰ ‘ਚ ਇਸ ਹੱਦ ਤਕ ਪਾਗ਼ਲ ਹੋ ਗਿਆ ਕਿ ਉਹ ਆਪਣੀ ਪਤਨੀ ਨੂੰ ਵੀ ਛੱਡਣ ਲਈ ਤਿਆਰ ਹੈ।
ਚੇਨਈ ਟੀਮ ਦੇ ਕਪਤਾਨ ਧੋਨੀ ਜਦੋਂ ਕ੍ਰੀਜ਼ ‘ਤੇ ਬੱਲੇਬਾਜ਼ੀ ਕਰਨ ਉਤਰਿਆ ਤਾਂ ਸਟੈਂਡ ‘ਤੇ ਬੈਠੇ ਇੱਕ ਪ੍ਰਸ਼ੰਸਕ ‘ਤੇ ਕੈਮਰਾਮੈਨ ਦੀ ਨਜ਼ਰ ਪਈ। ਉਸ ਵਿਅਕਤੀ ਨੇ ਇੱਕ ਬੈਨਰ ‘ਤੇ ਲਿਖਿਆ ਸੀ, ”ਮੇਰੀ ਪਤਨੀ ਪੁੱਛਦੀ ਹੈ ਧੋਨੀ ਜਾਂ ਮੈਂ, ਅਤੇ ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਧੋਨੀ ਤੇ ਸਿਰਫ਼ ਧੋਨੀ।” ਧੋਨੀ ਲਈ ਫ਼ੈਨਜ਼ ਦੀ ਇਸ ਤਰ੍ਹਾਂ ਦੀ ਦਿਵਾਨਗੀ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ, ਅਤੇ ਉਸ ਵਿਅਕਤੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਮੈਚ ‘ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ‘ਤੇ 171 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਵਲੋਂ ਕੇ. ਐੱਲ. ਰਾਹੁਲ ਦੀ 71 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ 12 ਗੇਂਦਾਂ ਰਹਿੰਦੇ 4 ਵਿਕਟਾਂ ‘ਤੇ ਇਹ ਟੀਚਾ ਹਾਸਿਲ ਕਰ ਲਿਆ।