ਅਭਿਨੇਤਰੀ ਪਰਿਣੀਤੀ ਚੋਪੜਾ ਨੂੰ ਦਾ ਗਰਲ ਔਨ ਦਾ ਟਰੇਨ ਦੇ ਹਿੰਦੀ ਰੀਮੇਕ ਲਈ ਸਾਈਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਪਰਿਣੀਤੀ ਨੇ ਆਪਣੇ ਟਵਿਟਰ ਐਕਾਊਂਟ ‘ਤੇ ਸਾਂਝੀ ਕੀਤੀ ਹੈ। ਉਸ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ”ਮੈਂ ਇਸ ਦਿਲਚਸਪ ਸਫ਼ਰ ‘ਤੇ ਨਿਕਲ ਪਈ ਹਾਂ। ਦਾ ਗਰਲ ਔਨ ਦਾ ਟਰੇਨ ਦੇ ਰੀਮੇਕ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।” ਜ਼ਿਕਰਯੋਗ ਹੈ ਕਿ ਇਸ ਫ਼ਿਲਮ ‘ਚ ਪਰਿਣੀਤੀ ਦਾ ਕਿਰਦਾਰ ਅਜਿਹੀ ਤਲਾਕਸ਼ੁਦਾ ਔਰਤ ਦਾ ਹੋਵੇਗਾ ਜੋ ਸ਼ਰਾਬ ਦੀ ਆਦੀ ਹੁੰਦੀ ਹੈ ਅਤੇ ਇੱਕ ਜੁਰਮ ਨਾਲ ਜੁੜੇ ਕੇਸ ਦੀ ਜਾਂਚ ‘ਚ ਫ਼ਸੀ ਹੁੰਦੀ ਹੈ।
ਹੌਲੀਵੁਡ ਦੀ ਇਸ ਫ਼ਿਲਮ ‘ਚ ਪਹਿਲਾਂ ਇਹੀ ਭੂਮਿਕਾ ਐਮਿਲੀ ਬਲੰਟ ਨੇ ਬਾਖ਼ੂਬੀ ਨਿਭਾਈ ਹੈ। ਸਾਲ 2016 ‘ਚ ਰਿਲੀਜ਼ ਹੋਈ ਇਸ ਫ਼ਿਲਮ ਨੇ ਪਰਦੇ ‘ਤੇ ਚੰਗੀ ਸਫ਼ਲਤਾ ਹਾਸਿਲ ਕੀਤੀ। ਦਰਸ਼ਕਾਂ ਅਤੇ ਆਲੋਚਕਾਂ ਵਲੋਂ ਐਮਿਲੀ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਕੀਤੀ ਗਈ ਸੀ। ਵੈਸੇ ਇਹ ਫ਼ਿਲਮ ਲੇਖਿਕਾ ਪੌਲਾ ਹੌਕਿਨਜ਼ ਦੇ ਨਾਵਲ ‘ਤੇ ਆਧਾਰਿਤ ਹੈ। ਇਸ ਦੇ ਹਿੰਦੀ ਰੀਮੇਕ ਨੂੰ ਰਿਭੂ ਦਾਸਗੁਪਤਾ ਡਾਇਰੈਕਟ ਕਰੇਗਾ। ਇਹ ਅਗਲੇ ਸਾਲ ਤਕ ਰਿਲੀਜ਼ ਹੋਵੇਗੀ।
ਪਰਿਣੀਤੀ ਇਨ੍ਹੀਂ ਦਿਨੀਂ ਫ਼ਿਲਮ ਜਬਰੀਆ ਜੋੜੀ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ‘ਚ ਉਸ ਨਾਲ ਸਿਧਾਰਥ ਮਲਹੋਤਰਾ ਵੀ ਨਜ਼ਰ ਆਵੇਗਾ। ਫ਼ਿਲਮ ਦੀ ਕਹਾਣੀ ਬਿਹਾਰ ਦੇ ਇੱਕ ਪ੍ਰੇਮੀ ਜੋੜੇ ‘ਤੇ ਆਧਾਰਿਤ ਹੈ ਜਿਸ ‘ਚ ਸਿਧਾਰਥ ਦਾ ਨਾਂ ਅਭੈ ਅਤੇ ਪਰਿਣੀਤੀ ਦਾ ਨਾਂ ਬਬਲੀ ਹੋਵੇਗਾ। ਇਹ ਦੋਹੇਂ ਇਸ ਤੋਂ ਪਹਿਲਾਂ ਵੀ ਫ਼ਿਲਮ ਹੰਸੀ ਤੋ ਫ਼ੰਸੀ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਫ਼ਿਲਮ ਦਰਸ਼ਕਾਂ ਨੂੰ ਬੇਹੱਦ ਪਸੰਦ ਆਈ ਸੀ। ਇਸ ਤੋਂ ਇਲਾਵਾ ਉਹ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਬਾਇਓਪਿਕ ਦੀ ਤਿਆਰੀ ‘ਚ ਵੀ ਲੱਗੀ ਹੋਈ ਹੈ। ਜਲਦ ਹੀ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ।