ਆਲੀਆ ਦਾ ਮੰਨਣਾ ਹੈ ਕਿ ਹਰ ਫ਼ਿਲਮ ਵੱਡੀ ਹੁੰਦੀ ਹੈ। ਇਸੇ ਲਈ ਉਹ ਆਪਣੀ ਹਰੇਕ ਫ਼ਿਲਮ ਦੀ ਸ਼ੁਰੂਆਤ ਇਸ ਤਰ੍ਹਾਂ ਕਰਦੀ ਹੈ ਜਿਵੇਂ ਉਹ ਉਸ ਦੀ ਪਹਿਲੀ ਫ਼ਿਲਮ ਹੋਵੇ …

ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਉਸ ਲਈ ਕੋਈ ਵੀ ਫ਼ਿਲਮ ਵੱਡੀ-ਛੋਟੀ ਨਹੀਂ ਹੁੰਦੀ। 2012 ‘ਚ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ ਤੋਂ ਕਰੀਅਰ ਸ਼ੁਰੂ ਕਰਨ ਵਾਲੀ ਆਲੀਆ ਇਨ੍ਹੀਂ ਦਿਨੀਂ ਪਰਦੇ ‘ਤੇ ਵੱਡੀਆਂ ਮੱਲਾਂ ਮਾਰ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਉਹ ਕਈ ਵੱਡੀਆਂ ਫ਼ਿਲਮਾਂ ‘ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਆਲੀਆ ਨੇ ਆਪਣੀਆਂ ਅਗਲੀਆਂ ਫ਼ਿਲਮਾਂ ਤੇ ਕਰੀਅਰ ਬਾਰੇ ਗੱਲਬਾਤ ਕੀਤੀ ਹੈ। ਆਲੀਆ ਆਉਣ ਵਾਲੇ ਸਮੇਂ ‘ਚ ਸੰਜੇ ਲੀਲ੍ਹਾ ਭੰਸਾਲੀ, ਐੱਸ. ਐੱਸ. ਰਾਜਾਮੌਲੀ, ਕਰਨ ਜੌਹਰ ਅਤੇ ਮਹੇਸ਼ ਭੱਟ ਵਰਗੇ ਫ਼ਿਲਮਸਾਜ਼ਾਂ ਦੀਆਂ ਫ਼ਿਲਮਾਂ ‘ਚ ਨਜ਼ਰ ਆਵੇਗੀ।

ਆਲੀਆ ਨੇ ਕਿਹਾ ਕਿ ਇਸ ਵਕਤ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਆਲੀਆ ਨੂੰ ਪੁੱਛਿਆ ਗਿਆ ਕਿ ਆਉਣ ਵਾਲੇ ਦਿਨਾਂ ‘ਚ ਉਹ ਸਾਰੇ ਵੱਡੇ ਨਿਰਮਾਤਵਾਂ ਦੀਆਂ ਵੱਡੀਆਂ ਫ਼ਿਲਮਾਂ ‘ਚ ਨਜ਼ਰ ਆਵੇਗੀ, ਇਸ ਲਈ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਆਲੀਆ ਨੇ ਕਿਹਾ, ”ਮਹਿਸੂਸ ਤਾਂ ਪਹਿਲਾਂ ਵਰਗਾ ਹੀ ਹੋ ਰਿਹਾ ਹੈ। ਮੈਂ ਇਸ ‘ਤੇ ਜ਼ਿਆਦਾ ਧਿਆਨ ਨਹੀਂ ਦੇਵਾਂਗੀ ਕਿ ਇਹ ਵੱਡੀਆਂ ਫ਼ਿਲਮਾਂ ਹਨ ਕਿਉਂਕਿ ਮੇਰੇ ਲਈ ਹਰ ਫ਼ਿਲਮ ਅਤੇ ਕਹਾਣੀ ਵੱਡੀ ਹੁੰਦੀ ਹੈ। ਮੈਂ ਇਹ ਜ਼ਰੂਰ ਆਖਾਂਗੀ ਕਿ ਮੈਂ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕਰ ਰਹੀ ਹਾਂ ਜਿਨ੍ਹਾਂ ਨਾਲ ਮੈਂ ਹਮੇਸ਼ਾ ਫ਼ਿਲਮ ਕਰਨੀ ਚਾਹੁੰਦੀ ਸੀ।”

ਆਲੀਆ ਨੇ ਕਿਹਾ, ”ਰਾਜਾਮੌਲੀ ਸਰ ਅਤੇ ਕਰਨ ਸਰ ਨਾਲ ਮੁੜ ਫ਼ਿਲਮ ਕਰਨ ਦਾ ਕਾਫ਼ੀ ਮਜ਼ਾ ਆਉਣ ਵਾਲਾ ਹੈ। ਇਸ ਤੋਂ ਇਲਾਵਾ ਮੈਨੂੰ ਕਦੀ ਉਮੀਦ ਨਹੀਂ ਸੀ ਕਿ ਮੇਰੇ ਪਿਤਾ ਮਹੇਸ਼ ਭੱਟ ਮੁੜ ਫ਼ਿਲਮਾਂ ਦਾ ਨਿਰਦੇਸ਼ਨ ਕਰਨਗੇ, ਪਰ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੇਰੇ ਪਿਤਾ ਸੜਕ 2 ਨੂੰ ਡਾਇਰੈਕਟ ਕਰਨ ਵਾਲੇ ਹਨ। ਇਹ ਮੇਰੇ ਲਈ ਸੁਪਨੇ ਦੇ ਸੱਚ ਹੋਣ ਵਾਂਗ ਹੈ। ਇਸ ਲਈ ਜੇ ਇਹ ਆਖਾਂ ਕੇ ਮੈਂ ਇਨ੍ਹਾਂ ਨਿਰਮਾਤਾਵਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ ਤਾਂ ਜ਼ਿਆਦਾ ਠੀਕ ਹੋਵੇਗਾ। ਇਨ੍ਹਾਂ ਨਿਰਮਾਤਾਵਾਂ ਨਾਲ ਕੰਮ ਕਰ ਕੇ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀ ਹਾਂ। ਮੈਂ ਹਰ ਫ਼ਿਲਮ ਨੂੰ ਆਪਣੀ ਪਹਿਲੀ ਫ਼ਿਲਮ ਵਾਂਗ ਮਨੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਹਰ ਫ਼ਿਲਮ ਦੀ ਸ਼ੁਰੂਆਤ ਇਸ ਤਰ੍ਹਾਂ ਹੋਵੇ ਕਿ ਜਿਵੇਂ ਮੈਂ ਇਸ ਤੋਂ ਪਹਿਲਾਂ ਕੋਈ ਫ਼ਿਲਮ ਨਹੀਂ ਕੀਤੀ।” ਇਸ ਵਕਤ ਆਲੀਆ ਸਾਊਥ ਦੀ ਫ਼ਿਲਮ RRR ਦੀ ਸ਼ੂਟਿੰਗ ‘ਚ ਰੁੱਝੀ ਹੈ।