ਜਲੰਧਰ – ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਲੋਕ ਉਸ ਦੀ ਤੂਫ਼ਾਨੀ ਬੱਲੇਬਾਜ਼ੀ ਅਤੇ ਹਾਜ਼ਰ ਜਵਾਬੀ ਲਈ ਜਾਣਦੇ ਹਨ। ਸੋਸ਼ਲ ਮੀਡੀਆ ‘ਤੇ ਉਹ ਅਕਸਰ ਦੂਜੇ ਖਿਡਾਰੀਆਂ ਨਾਲ ਮਜ਼ਾਕ ਕਰਦਾ ਦਿਖਾਈ ਦਿੰਦੈ। ਹੁਣ ਸਹਿਵਾਗ ਨੇ ਇੱਕ TV ਸ਼ੋਅ ਦੌਰਾਨ ਵਿਰਾਟ ਕੋਹਲੀ ਨਾਲ ਜੁੜਿਆ ਇੱਕ ਕਿੱਸਾ ਸ਼ੇਅਰ ਕੀਤਾ। ਸਾਬਕਾ ਸਪਿਨਰ ਅਨਿਲ ਕੁੰਬਲੇ ਨਾਲ ਇੱਕ TV ਸ਼ੋਅ ਵਿੱਚ ਹਿੱਸਾ ਲੈ ਰਹੇ ਸਹਿਵਾਗ ਨੇ ਦੱਸਿਆ ਕਿ ਇੱਕ ਵਾਰ ਬੰਗਲਾਦੇਸ਼ ਖ਼ਿਲਾਫ਼ ਇੱਕ ਮੈਚ ਵਿੱਚ ਮੈਂ ਉਸ ਨੂੰ ਇੰਨਾ ਭੜਕਾ ਦਿੱਤਾ ਸੀ ਕਿ ਉਸ ਨੇ ਜੋਸ਼ ਵਿੱਚ ਆ ਕੇ ਦੋ ਲੰਬੇ ਛੱਕੇ ਲਗਾ ਦਿੱਤੇ।
ਸਹਿਵਾਗ ਨੇ ਕਿਹਾ ਕਿ ਵਿਸ਼ਵ ਕੱਪ ਵਿੱਚ ਸਾਡਾ ਮੈਚ ਬੰਗਲਾਦੇਸ਼ ਨਾਲ ਸੀ। ਉਸ ਸਮੇਂ ਉਸ ਨਾਲ ਕ੍ਰੀਜ਼ ‘ਤੇ ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਿਹਾ ਸੀ। ਕੋਹਲੀ ਓਦੋਂ ਨਵਾਂ-ਨਵਾਂ ਭਾਰਤੀ ਟੀਮ ਨਾਲ ਜੁੜਿਆ ਸੀ। ਮੈਂ ਉਸ ਨੂੰ ਕਿਹਾ ਕਿ ਜੇਕਰ ਅਸੀਂ 320 ਤੋਂ ਵੱਧ ਸਕੋਰ ਬਣਾਵਾਂਗੇ ਤਾਂ ਬੰਗਲਾਦੇਸ਼ ਇਸ ਨੂੰ ਚੇਜ਼ ਨਹੀਂ ਕਰ ਸਕੇਗਾ। ਪਾਰੀ ਅੱਗੇ ਵੱਧੀ। ਮੈਂ ਦੇਖਿਆ ਕਿ ਕੋਹਲੀ ਸਾਰੇ ਗ੍ਰਾਊਂਡ ਸ਼ੌਟਸ ਖੇਡ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਕਿਦਾਂ ਦਾ ਖਿਡਾਰੀ ਹੈਂ, ਤੂੰ ਛੱਕੇ ਹੀ ਨਹੀਂ ਮਾਰ ਰਿਹਾ? ਸਹਿਵਾਗ ਨੇ ਹੱਸਦਿਆਂ ਕਿਹਾ ਕਿ ਉਸ ਦੀ ਇਹ ਗੱਲ ਕੋਹਲੀ ‘ਤੇ ਜਾਦੂ ਕਰ ਗਈ। ਕੋਹਲੀ ਨੇ ਬਾਅਦ ਵਿੱਚ ਦੋ ਛੱਕੇ ਲਗਾ ਕੇ ਸਹਿਵਾਗ ਨੂੰ ਕਿਹਾ – ਭਾਜੀ ਦੇਖੋ ਮੈਂ ਵੀ ਛੱਕੇ ਲਗਾ ਸਕਦਾ ਹਾਂ।
ਸਹਿਵਾਗ ਨੇ ਇਸ ਦੌਰਾਨ ਇਟਸ ਅਵਰ ਰੀਵੈਂਜ ਖੇਡ ਨਾਲ ਜੁੜਿਆ ਪਲ ਵੀ ਸ਼ੇਅਰ ਕੀਤਾ। ਉਸ ਨੇ ਕਿਹਾ ਕਿ 2007 ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਨੇ ਸਾਨੂੰ ਬਾਹਰ ਕਰ ਦਿੱਤਾ ਸੀ। 2011 ਵਿੱਚ ਸਾਡਾ ਪਹਿਲਾ ਮੈਚ ਬੰਗਲਾਦੇਸ਼ ਨਾਲ ਹੀ ਸੀ। ਮੈਚ ਤੋਂ ਪਹਿਲਾਂ ਮੈਂ ਪ੍ਰੈੱਸ ਕਾਨਫ਼੍ਰੈਂਸ ਦੌਰਾਨ ਕਿਹਾ ਕਿ ਇਟਸ ਅਵਰ ਰੀਵੈਂਜ। ਇਹ ਵਾਲੀ ਲਾਈਨ ਮੀਡੀਆ ਨੇ ਚੁੱਕ ਲਈ। ਮੈਨੂੰ ਲੱਗਾ ਜੇਕਰ ਦੌੜਾਂ ਨਾ ਬਣਾ ਸਕਿਆ ਤਾਂ ਇਹ ਸਹੀ ਨਹੀਂ ਹੋਵੇਗਾ। ਮੈਂ ਗ੍ਰਾਊਂਡ ਵਿੱਚ ਗਿਆ। ਉਹ ਦਿਨ ਸਾਡੇ ਲਈ ਚੰਗਾ ਸੀ, ਅਤੇ ਮੈਂ 175 ਦੌੜਾਂ ਬਣਾਈਆਂ।