ਫ਼ਿਲਮ ਇੰਡਸਟਰੀ ‘ਚ ਅਭਿਨੇਤਾ ਅਤੇ ਅਭਿਨੇਤਰੀ ਨੂੰ ਮਿਲਣ ਵਾਲੀ ਫ਼ੀਸ ‘ਚ ਵੱਡਾ ਫ਼ਰਕ ਰਿਹਾ ਹੈ। ਜਿੱਥੇ ਅਭਿਨੇਤਾ ਲੰਬੇ ਸਮੇਂ ਤੋਂ ਫ਼ਿਲਮਾਂ ‘ਚੋਂ ਵੱਡਾ ਲਾਭ ਵੀ ਪ੍ਰਾਪਤ ਕਰਦੇ ਰਹੇ ਹਨ ਉੱਥੇ ਕੁੱਝ ਕੁ ਅਭਿਨੇਤਰੀਆਂ ਨੂੰ ਛੱਡ ਕੇ ਬਹੁਤੀਆਂ ਅਜੇ ਵੀ ਚੰਗੀ ਫ਼ੀਸ ਨੂੰ ਹੀ ਤਰਸ ਰਹੀਆਂ ਹਨ। ਸਥਿਤੀ ਇਹ ਹੈ ਕਿ ਜੇ ਅਭਿਨੇਤਾ ਨੂੰ ਕਿਸੇ ਫ਼ਿਲਮ ਲਈ 20 ਕਰੋੜ ਰੁਪਏ ਫ਼ੀਸ ਵਜੋਂ ਮਿਲਦੇ ਹਨ ਤਾਂ ਅਭਿਨੇਤਰੀ ਨੂੰ ਕੇਵਲ ਪੰਜ ਤੋਂ ਅੱਠ ਕਰੋੜ ਨਾਲ ਹੀ ਸਬਰ ਕਰਨਾ ਪੈਂਦਾ ਹੈ। ਇਸ ਸਾਰੇ ਵਰਤਾਰੇ ਨੂੰ ਤਬਦੀਲ ਹੋਣ ‘ਚ ਅਜੇ ਹੋਰ ਪਤਾ ਨਹੀਂ ਕਿੰਨਾ ਕੁ ਸਮਾਂ ਲੱਗੇਗਾ। ਇਸੇ ਮੁੱਦੇ ‘ਤੇ ਅਦਾਕਾਰਾ ਕ੍ਰਿਤੀ ਸੇਨਨ ਨੇ ਇੱਕ ਮੁਲਕਾਤ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ
ਪਹਿਲਾਂ ਨਾਲੋਂ ਹੋਇਆ ਸੁਧਾਰ
ਫ਼ਿਲਮ ਹੀਰੋਪੰਤੀ ਤੋਂ ਕਰੀਅਰ ਸ਼ੁਰੂ ਕਰਨ ਵਾਲੀ ਕ੍ਰਿਤੀ ਸੇਨਨ ਇਸ ਬਾਰੇ ਕਹਿੰਦੀ ਹੈ ਕਿ ਹੁਣ ਇਸ ਰੀਤ ‘ਚ ਕਾਫ਼ੀ ਤਬਦੀਲੀ ਆ ਗਈ ਹੈ, ਅਤੇ ਹੀਰੋਇਨਜ਼ ਨੂੰ ਵੀ ਹੀਰੋਜ਼ ਦੇ ਬਰਾਬਰ ਫ਼ੀਸ ਮਿਲ ਰਹੀ ਹੈ।” ਕ੍ਰਿਤੀ ਨੇ ਕਿਹਾ, ”ਮੈਂ ਹਮੇਸ਼ਾ ਇਹੀ ਮੰਨਦੀ ਹਾਂ ਕਿ ਕਿਸ ਨੂੰ ਕਿੰਨੀ ਫ਼ੀਸ ਮਿਲੇ, ਇਹ ਫ਼ੈਸਲਾ ਇਸ ਚੀਜ਼ ‘ਤੇ ਆਧਾਰਿਤ ਹੋਵੇ ਕਿ ਫ਼ਿਲਮ ‘ਚ ਕਿਸ ਨੇ ਕਿੰਨਾ ਕੰਮ ਕੀਤਾ ਹੈ, ਅਤੇ ਉਸ ਦੀ ਵਜ੍ਹਾ ਨਾਲ ਬੌਕਸ ਆਫ਼ਿਸ ‘ਤੇ ਫ਼ਿਲਮ ਕਿੰਨੀ ਚੱਲੀ। ਅੱਜ ਦੇ ਦੌਰ ‘ਚ ਜੇ ਫ਼ੀਸ ਦੀ ਗੱਲ ਕਰੀਏ ਤਾਂ ਭਾਵੇਂ ਸਹਿਜੇ ਰਫ਼ਤਾਰ ਨਾਲ ਹੀ ਸਹੀ ਪਰ ਹੀਰੋ-ਹੀਰੋਇਨ ਦੀ ਫ਼ੀਸ ਬਰਾਬਰ ਹੁੰਦੀ ਜਾ ਰਹੀ ਹੈ। ਮਹਿਲਾ ਪ੍ਰਮੁੱਖ ਕਿਰਦਾਰ ਵਾਲੀਆਂ ਫ਼ਿਲਮਾਂ ਨੂੰ ਵੀ ਸਵੀਕਾਰ ਕੀਤਾ ਜਾਣ ਲੱਗਾ ਹੈ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਜੇ ਅਸੀਂ ਹੋਰ ਅੱਗੇ ਜਾਣਾ ਹੈ।”
ਥੀਮ ਹੀ ਫ਼ਿਲਮ ਦਾ ਹੀਰੋ ਹੈ
ਕ੍ਰਿਤੀ ਨੇ ਕਿਹਾ, ”ਅਜੋਕੀਆਂ ਫ਼ਿਲਮਾਂ ‘ਚ ਸਿਰਫ਼ ਥੀਮ ਜਾਂ ਕਹਾਣੀ ਹੀ ਸਭ ਕੁੱਝ ਤੈਅ ਕਰਦੀ ਹੈ। ਦਰਸ਼ਕ ਅੱਜ ਵੱਖ-ਵੱਖ ਵਿਸ਼ਿਆਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ। ਅੱਜ ਅਜਿਹੇ ਵਿਸ਼ੇ ਵੀ ਚੱਲ ਰਹੇ ਹਨ ਜੋ ਕਦੇ ਬੇਕਾਰ ਸਮਝੇ ਜਾਂਦੇ ਸਨ। ਇਸ ਲਈ ਸਭ ਤੋਂ ਵੱਡਾ ਰੋਲ ਦਰਸ਼ਕਾਂ ਦੀ ਪਸੰਦ ਨਾ ਪਸੰਦ ਦਾ ਹੈ।” ਕ੍ਰਿਤੀ ਦੀ ਪਿਛਲੀ ਫ਼ਿਲਮ ਲੁਕਾ-ਛੁਪੀ ਹਿੱਟ ਸਾਬਿਤ ਹੋਈ ਹੈ। ਜਲਦ ਹੀ ਉਹ ਅਰਜੁਨ ਪਟਿਆਲਾ ਅਤੇ ਹਾਊਸਫ਼ੁੱਲ 4 ਅਤੇ ਪਾਨੀਪਤ ਵਰਗੀਆਂ ਫ਼ਿਲਮਾਂ ਨਾਲ ਪਰਦੇ ‘ਤੇ ਨਜ਼ਰ ਆਵੇਗੀ। ਆਪਣੇ ਕਰੀਅਰ ਬਾਰੇ ਕ੍ਰਿਤੀ ਦਾ ਕਹਿਣਾ ਹੈ ਕਿ ਇਸ ਵਕਤ ਉਸ ਨੂੰ ਓਦਾਂ ਦਾ ਹੀ ਕੰਮ ਮਿਲ ਰਿਹਾ ਹੈ ਜਿਸ ਤਰ੍ਹਾਂ ਦਾ ਉਹ ਕਰਨਾ ਚਾਹੁੰਦੀ ਹੈ। ਇਸ ਲਈ ਉਹ ਖ਼ੁਸ਼ ਹੈ ਕਿ ਉਸ ਦੀਆਂ ਅਗਲੀਆਂ ਸਾਰੀਆਂ ਫ਼ਿਲਮਾਂ ਅਲੱਗ-ਅਲੱਗ ਵਿਸ਼ਿਆਂ ‘ਤੇ ਆਧਾਰਿਤ ਹਨ।
ਅਭਿਨੇਤਰੀਆਂ ਲਈ ਹੈ ਵਧੀਆ ਮੌਕਾ
ਕ੍ਰਿਤੀ ਨੇ ਕਿਹਾ, ”ਮੈਨੂੰ ਬਹੁਤ ਚੰਗਾ ਲਗਦਾ ਹੈ ਜਦੋਂ ਬਰੇਲੀ ਕੀ ਬਰਫ਼ੀ, ਇਸਤਰੀ ਅਤੇ ਰਾਜ਼ੀ ਵਰਗੀਆਂ ਮਹਿਲਾ ਪ੍ਰਮੁੱਖ ਭੂਮਿਕਾ ਵਾਲੀਆਂ ਫ਼ਿਲਮਾਂ ਪਰਦੇ ‘ਤੇ ਚੰਗਾ ਪ੍ਰਦਰਸ਼ਨ ਕਰਦੀਆਂ ਹੋਈਆਂ ਐਵਾਰਡ ਜਿੱਤਦੀਆਂ ਹਨ।” ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਨਹੀਂ ਲਗਦਾ ਕਿ ਹੁਣ ਮਹਿਲਾਵਾਂ ਦੇ ਕਿਰਦਾਰਾਂ ਨੂੰ ਵੱਧ ਅਹਿਮੀਅਤ ਮਿਲਦੀ ਹੈ ਤਾਂ ਉਸ ਨੇ ਜਵਾਬ ‘ਚ ਕਿਹਾ, ”ਬਿਲਕੁਲ ਠੀਕ ਕਿਹਾ ਤੁਸੀਂ। ਸਿਨੇਮਾ ‘ਚ ਅਭਿਨੇਤਰੀਆਂ ਲਈ ਇਹ ਚੰਗਾ ਸਮਾਂ ਹੈ ਅਤੇ ਇਸ ਲਈ ਸਾਨੂੰ ਦਰਸ਼ਕਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਮਹਿਲਾ ਪ੍ਰਮੁੱਖ ਕਿਰਦਾਰਾਂ ਵਾਲੀਆਂ ਫ਼ਿਲਮਾਂ ਪਸੰਦ ਕਰ ਰਹੇ ਹਨ।”