ਤੁਸੀਂ ਦੂਸਰਿਆਂ ਪ੍ਰਤੀ ਉਸ ਤੋਂ ਵੱਧ ਦਿਆਲਤਾ ਦਿਖਾਉਂਦੇ ਹੋ ਜਿੰਨੀ ਤੁਸੀਂ ਆਪਣੇ ਆਪ ਲਈ ਦਿਖਾਉਣ ਲਈ ਤਿਆਰ ਹੁੰਦੇ ਹੋ। ਰਹਿਮਦਿਲੀ ਵਿੱਚ ਕੋਈ ਦਿੱਕਤ ਨਹੀਂ, ਪਰ ਨਿਰੰਤਰਤਾ ਨਾਲ ਸਹਿਣਸ਼ੀਲ ਬਣੇ ਰਹਿਣ ਦੀ ਇੱਛਾ ਕੁਝ ਸ਼ੰਕੇ ਜ਼ਰੂਰ ਖੜ੍ਹੇ ਕਰਦੀ ਹੈ। ਕਈ ਵਾਰ, ਦੂਸਰਿਆਂ ਦੀ ਮਦਦ ਕਰਨ ਲਈ, ਸਾਨੂੰ ਕੁਰਖ਼ਤ ਲਹਿਜੇ ਦਾ ਇਸਤੇਮਾਲ ਕਰਨਾ ਪੈਂਦੈ। ਕਈ ਵਾਰ ਤਾਂ, ਆਪਣੇ ਆਪ ਨੂੰ ਹਿਲਾ ਕੇ ਜਗਾਉਣ ਲਈ, ਸਾਨੂੰ ਸਵੈ-ਆਲੋਚਕ ਵੀ ਬਣਨਾ ਪੈਂਦੈ। ਤੁਸੀਂ ਨਰਮੀ ਦੇ ਨਾਲ ਨਾਲ ਸਖ਼ਤੀ ਦਾ ਮੁਜ਼ਾਹਰਾ ਕਰਨ ਤੋਂ ਕਤਰਾਉਂਦੇ ਕਿਉਂ ਹੋ? ਆਤਮ-ਸਨਮਾਨ ਖ਼ਾਤਿਰ ਤਗੜੇ ਬਣੋ। ਜੋ ਤੁਹਾਨੂੰ ਸਵੀਕਾਰ ਨਹੀਂ, ਉਸ ਨੂੰ ਬਰਦਾਸ਼ਤ ਕਰਨ ਦੀ ਕੋਈ ਲੋੜ ਨਹੀਂ।

ਅਸੀਂ ਹਮੇਸ਼ਾ ਉਨ੍ਹਾਂ ਭਾਵਨਾਵਾਂ ਲਈ ਜ਼ਿੰਮੇਵਾਰ ਨਹੀਂ ਹੁੰਦੇ ਜਿਹੜੇ ਦੂਸਰੇ ਲੋਕ ਸਾਡੇ ਪ੍ਰਤੀ ਰੱਖਦੇ ਹੋਣ। ਬੇਸ਼ੱਕ ਅਸੀਂ ਜਾਣਬੁੱਝ ਕੇ ਉਨ੍ਹਾਂ ਨੂੰ ਸਾਡੇ ਨਾਲ ਇੱਕ ਖ਼ਾਸ ਢੰਗ ਨਾਲ ਪੇਸ਼ ਆਉਣ ਜਾਂ ਸਾਨੂੰ ਕਿਸੇ ਵੱਖਰੀ ਤਰ੍ਹਾਂ ਦੇਖਣ ਲਈ ਉਕਸਾਇਆ ਵੀ ਕਿਉਂ ਨਾ ਹੋਵੇ, ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਿਸੇ ਖ਼ਾਸ ਸਥਾਨ ਜਾਂ ਸੁਰ ਵੱਲ ਜ਼ਬਰਦਸਤੀ ਨਹੀਂ ਧੱਕਦੇ। ਦੂਸਰਿਆਂ ਨੂੰ ਸਾਨੂੰ ਪਿਆਰ ਕਰਨ ਦਾ ਅਧਿਕਾਰ ਹੈ ਚਾਹੇ ਅਸੀਂ ਉਨ੍ਹਾਂ ਬਾਰੇ ਉਸ ਢੰਗ ਨਾਲ ਨਾ ਵੀ ਸੋਚਦੇ ਹੋਈਏ – ਜਾਂ ਜੇ ਉਹ ਚਾਹੁਣ ਤਾਂ ਸਾਨੂੰ ਨਫ਼ਰਤ ਵੀ ਕਰ ਸਕਦੇ ਹਨ। ਜੇਕਰ ਉਹ ਤੁਹਾਡੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨ ਲੱਗ ਪੈਣ ਤਾਂ ਫ਼ਿਰ ਇਸ ਨੂੰ ਕੋਈ ਮਸਲਾ ਸਮਝਿਆ ਜਾ ਸਕਦਾ ਹੈ। ਅਤੇ ਜੇ ਕਿਤੇ ਅਜਿਹਾ ਹੋ ਵੀ ਜਾਂਦੈ ਤਾਂ ਇਹ ਉਨ੍ਹਾਂ ਦਾ ਮਸਲਾ ਹੈ ਨਾ ਕਿ ਤੁਹਾਡਾ! ਅਜਿਹਾ ਨਜ਼ਰੀਆ ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਵੀ ਬਹੁਤ ਮਦਦਗ਼ਾਰ ਸਾਬਿਤ ਹੋਵੇਗਾ

ਤੁਸੀਂ ਇਕੱਲੇ ਕੀ ਕੁਝ ਕਰ ਸਕਦੇ ਹੋ ਇਸ ਦੀ ਇੱਕ ਸੀਮਾ ਹੁੰਦੀ ਹੈ, ਪਰ ਕਿਸੇ ਟੀਮ ਦਾ ਹਿੱਸਾ ਬਣ ਕੇ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹੋ। ਤੁਸੀਂ ਕੋਈ ਭਾਈਵਾਲੀ ਸ਼ੁਰੂ ਕਰਨ, ਕਿਸੇ ਭਾਈਵਾਲੀ ਵਿੱਚ ਸ਼ਾਮਿਲ ਹੋਣ ਜਾਂ ਕਿਸੇ ਭਾਈਵਾਲੀ ਵਿੱਚ ਮੁੜ ਸ਼ਾਮਿਲ ਹੋਣ ਲਈ ਬਹੁਤ ਚੰਗੀ ਸਥਿਤੀ ਵਿੱਚ ਹੋ। ਜਿਨ੍ਹਾਂ ਕਾਰਨਾਂ ਕਾਰਨ ਸਾਬਕਾ ਸ਼ਮੂਲੀਅਤਾਂ ਕਿਸੇ ਸਿਰੇ ਨਹੀਂ ਸਨ ਲੱਗੀਆਂ ਉਨ੍ਹਾਂ ਦੀ ਅੱਜ ਦੀ ਤਾਰੀਖ਼ ਵਿੱਚ ਕੋਈ ਅਹਿਮੀਅਤ ਨਹੀਂ। ਅਤੀਤ ਨੂੰ ਭੁੱਲ ਜਾਓ ਅਤੇ ਅੱਗੇ ਵਧਣ ਦੇ ਮੌਕੇ ਵੱਲ ਆਪਣਾ ਧਿਆਨ ਕੇਂਦ੍ਰਿਤ ਕਰੋ। ਇਸ ਵਿੱਚ ਸਮਝੌਤਾ ਕਰਨਾ ਵੀ ਸ਼ਾਮਿਲ ਹੋ ਸਕਦੈ, ਪਰ ਜਿੰਨਾ ਚਿਰ ਇਸ ਲਈ ਤੁਹਾਨੂੰ ਕੋਈ ਸਦਕਾ ਨਹੀਂ ਦੇਣਾ ਪੈਂਦਾ, ਤੁਹਾਨੂੰ ਆਪਣੇ ਮੌਕੇ ਨੂੰ ਜੋਸ਼ ਨਾਲ ਬੋਚਣਾ ਚਾਹੀਦੈ।

ਅਸੀਂ ਸਾਰੇ ਇਹ ਮਹਿਸੂਸ ਕਰਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਇੱਕ ਸਫ਼ਲ ਰਣਨੀਤੀ ਹੈ – ਇੱਕ ਯੋਜਨਾ ਜਿਸ ‘ਤੇ ਅਸੀਂ ਨਿਰਭਰ ਕਰ ਸਕਦੇ ਹਾਂ, ਇੱਕ ਅਜਿਹੀ ਨੀਤੀ ਜਿਸ ਬਾਰੇ ਅਸੀਂ ਨਿਸ਼ਚਿਤ ਹਾਂ। ਅਕਸਰ, ਇਹ ਸੁਨਿਸ਼ਚਿਤ ਕਰਨ ਲਈ ਕਿ ਅਸੀਂ ਓਨੀ ਸਮਝਦਾਰੀ ਵਰਤ ਰਹੇ ਹਾਂ ਜਿੰਨੀ ਮੁਮਕਿਨ ਹੈ, ਅਸੀਂ ਚੀਜ਼ਾਂ ਨੂੰ ਕਰਨ ਤੋਂ ਪਹਿਲਾਂ ਕਈ ਵਾਰ ਸੋਚਦੇ ਹਾਂ। ਪਰ, ਜੇ ਸਾਡੀ ਸੋਚ ਬਹੁਤ ਜ਼ਿਆਦਾ ਡੂੰਘੀ ਹੋ ਜਾਵੇ ਤਾਂ ਭੰਬਲਭੂਸਾ ਪੈਦਾ ਹੋਣ ਦਾ ਖ਼ਤਰਾ ਬਣ ਜਾਂਦੈ। ਇੰਝ ਹੀ, ਜੇਕਰ ਅਸੀਂ ਕਿਸੇ ਇੱਕ ਫ਼ਾਰਮੂਲੇ ‘ਤੇ ਹੀ ਬਹੁਤ ਜ਼ਿਆਦਾ ਨਿਰਭਰ ਕਰਨ ਲੱਗ ਪਈਏ ਤਾਂ ਵੀ ਇਹੋ ਕੁਝ ਹੁੰਦੈ। ਇਸੇ ਲਈ ਤਾਂ ਇਨਸਾਨ ਦਾ ਲਚਕੀਲਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਹ ਦਲੀਲ ਦੇ ਸਕਦੇ ਹੋ ਕਿ ਲਚਕੀਲੇਪਨ ਦੇ ਗੁਣਾਂ ਨੂੰ ਸੱਦਾ ਦੇ ਕੇ ਹੀ ਤੁਸੀਂ ਉਹ ਕਰ ਦਿੱਤਾ ਹੈ ਜੋ ਕਰਨਾ ਲੋੜੀਂਦਾ ਸੀ। ਪਰ ਜੇਕਰ ਤੁਸੀਂ ਸੱਚਮੁੱਚ ਦੀ ਚਲਾਕੀ ਦਿਖਾਉਣਾ ਚਾਹੁੰਦੇ ਹੋ, ਤੁਹਾਨੂੰ ਕੇਵਲ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲਣ ਦੀ ਲੋੜ ਹੈ।

ਕਰੋੜਪਤੀ ਕਿਵੇਂ ਬਣਨਾ ਹੈ ਜਿਹੇ ਵਿਸ਼ਿਆਂ ‘ਤੇ ਛਪੀਆਂ ਕੁਝ ਕਿਤਾਬਾਂ ਲੋਕਾਂ ਨੂੰ ਵੱਧ ਤੋਂ ਵੱਧ ਖ਼ਰਚਾ ਕਰਨ ਦੀ ਸਲਾਹ ਦਿੰਦੀਆਂ ਹਨ। ਇਸ ਖ਼ਤਰਨਾਕ ਮਸ਼ਵਰੇ ਪਿੱਛੇ ਸੋਚ ਇਹ ਹੁੰਦੀ ਹੈ ਕਿ ਜੇਕਰ ਤੁਸੀਂ ਪੈਸੇ ਲਈ ਆਪਣੀ ਲੋੜ ਨੂੰ ਤੀਬਰ ਨਹੀਂ ਕਰੋਗੇ ਤਾਂ ਤੁਸੀਂ ਉਸ ਨੂੰ ਹਾਸਿਲ ਕਰਨ ਦੀ ਆਪਣੀ ਭਾਲ ਨੂੰ ਵੀ ਪ੍ਰਚੰਡ ਨਹੀਂ ਕਰ ਸਕੋਗੇ। ਜੇਕਰ ਇਹ ਸਿਧਾਂਤ ਵਾਕਈ ਕੰਮ ਕਰਦਾ ਹੁੰਦਾ ਤਾਂ ਤੁਸੀਂ ਹੁਣ ਤਕ ਨਿਰਸੰਦੇਹ ਦੌਲਤ ਤਕ ਪਹੁੰਚ ਚੁੱਕੇ ਹੁੰਦੇ! ਭਾਵਨਾਤਮਕ ਪੱਧਰ ‘ਤੇ, ਇਹ ਮਸ਼ਵਰਾ ਵਧੇਰੇ ਭਰੋਸੇਯੋਗ ਢੰਗ ਨਾਲ ਲਾਗੂ ਕੀਤਾ ਜਾ ਸਕਦੈ। ਜਿੰਨਾ ਜ਼ਿਆਦਾ ਤੁਸੀਂ ਪਿਆਰ ਕਰਦੇ ਹੋ, ਓਨਾ ਜ਼ਿਆਦਾ ਤੁਸੀਂ ਧਿਆਨ ਰੱਖਦੇ ਹੋ, ਜਿੰਨਾ ਜ਼ਿਆਦਾ ਤੁਸੀਂ ਦੂਸਰਿਆਂ ਨੂੰ ਵੰਡੋਗੇ … ਉਸ ਤੋਂ ਕਈ ਗੁਣਾ ਵੱਧ ਛੇਤੀ ਹੀ ਤੁਹਾਡੇ ਵੱਲ ਆਉਣਾ ਸ਼ੁਰੂ ਹੋ ਜਾਵੇਗਾ।