ਨਵੀਂ ਦਿੱਲੀ – ਵਿਸ਼ਵ ਕੱਪ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ਾਮਿਲ ਭਾਰਤ ਬ੍ਰਿਟੇਨ ਵਿੱਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਮਹਾਕੁੰਭ ਦੇ ਲੀਗ ਗੇੜ ਦੇ ਨੌਂ ਮੈਚ ਛੇ ਮੈਦਾਨਾਂ ‘ਤੇ ਖੇਡੇ ਜਾਣਗੇ ਜਿਨ੍ਹਾਂ ਵਿੱਚ ਬਰਮਿੰਘਮ ਦਾ ਐਜਬੈਸਟਨ ਵੀ ਸ਼ਾਮਿਲ ਹੈ ਜਿੱਥੇ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਭਾਰਤ ਨੇ ਐਜਬਸਟਨ ਵਿੱਚ ਹੁਣ ਤਕ 10 ਵਨ ਡੇ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਸੱਤ ਵਿੱਚ ਉਸ ਨੂੰ ਜਿੱਤ ਅਤੇ ਸਿਰਫ਼ ਤਿੰਨ ਵਿੱਚ ਹੀ ਹਾਰ ਮਿਲੀ ਹੈ। ਉਸ ਨੇ 2013 ਤੋਂ ਇੱਥੇ ਲਗਾਤਾਰ ਪੰਜ ਮੈਚ ਜਿੱਤੇ ਹਨ ਜਿਨ੍ਹਾਂ ਵਿੱਚ ਪਾਕਿਸਤਾਨ ਵਿਰੁੱਧ ICC ਚੈਂਪੀਅਨਜ਼ ਟਰੌਫ਼ੀ 2013 ਤੇ 2017 ਵਿੱਚ ਅੱਠ ਵਿਕਟਾਂ ਅਤੇ 124 ਦੌੜਾਂ ਦੀਆਂ ਦੋ ਵੱਡੀਆਂ ਜਿੱਤਾਂ ਵੀ ਸ਼ਾਮਿਲ ਹਨ। ਪਰ ਇਸ ਵਾਰ ਐਜਬਸਟ ਵਿੱਚ ਭਾਰਤ ਦਾ ਮੁਕਾਬਲਾ ਆਪਣੇ ਇਸ ਪੁਰਾਣੇ ਵਿਰੋਧੀ ਨਾਲ ਨਹੀਂ ਸਗੋਂ ਮੇਜ਼ਬਾਨ ਇੰਗਲੈਂਡ (30 ਜੂਨ) ਅਤੇ ਬੰਗਲਾਦੇਸ਼ (2 ਜੁਲਾਈ) ਨਾਲ ਹੋਵੇਗਾ। ਇੰਗਲੈਂਡ ਵਿਰੁੱਧ ਭਾਰਤ ਨੇ ਇੱਥੇ ਚਾਰ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਤਿੰਨ ਵਿੱਚ ਉਸ ਨੂੰ ਜਿੱਤ ਮਿਲੀ ਹੈ। ਬੰਗਲਾਦੇਸ਼ ਨੂੰ ਵੀ ਭਾਰਤ ਨੇ 2017 ਵਿੱਚ ਇਸੇ ਮੈਦਾਨ ‘ਤੇ ਨੌਂ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ।
ਭਾਰਤ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ 16 ਜੂਨ ਨੂੰ ਓਲਡ ਟ੍ਰੈਫ਼ਰਡ, ਮੈਨਚੈਸਟਰ ਵਿੱਚ ਮੁਕਾਬਲਾ ਖੇਡੇਗਾ ਜਿੱਥੇ ਉਸ ਨੇ 2007 ਤੋਂ ਬਾਅਦ ਕੋਈ ਵਨ ਡੇ ਨਹੀਂ ਖੇਡਿਆ। ਇਸ ਮੈਦਾਨ ‘ਤੇ ਭਾਰਤ ਨੇ ਅੱਠ ਮੈਚਾਂ ਵਿੱਚੋਂ ਤਿੰਨਜਿੱਤੇ ਅਤੇ ਪੰਜ ਵਿੱਚ ਉਸ ਨੂੰ ਹਾਰ ਮਿਲੀ। ਭਾਰਤ ਨੇ, ਹਾਲਾਂਕਿ, ਵਿਸ਼ਵ ਕੱਪ 1999 ਵਿੱਚ ਪਾਕਿਸਤਾਨ ਨੂੰ ਇਸ ਮੈਦਾਨ ‘ਤੇ 47 ਦੌੜਾਂ ਨਾਲ ਹਰਾਇਆ ਸੀ। ਮੈਨਚੈਸਟਰ ਵਿੱਚ ਭਾਰਤ 27 ਜੂਨ ਨੂੰ ਵੈੱਸਟ ਇੰਡੀਜ਼ ਨਾਲ ਭਿੜੇਗਾ। ਭਾਰਤ ਨੇ 1983 ਵਿੱਚ ਵਿਸ਼ਵ ਕੱਪ ਦੇ ਲੀਗ ਗੇੜ ਵਿੱਚ ਇਸੇ ਮੈਦਾਨ ‘ਤੇ ਕੈਰੇਬੀਆਈ ਟੀਮ ਨੂੰ 34 ਦੌੜਾਂ ਨਾਲ ਹਰਾ ਕੇ ਸਨਸਨੀ ਫ਼ੈਲਾ ਦਿੱਤੀ ਸੀ, ਪਰ ਉਸ ਤੋਂ ਬਾਅਦ ਦੋਹੇਂ ਟੀਮਾਂ ਕਦੇ ਇਸ ਮੈਦਾਨ ‘ਤੇ ਆਹਮੋ-ਸਾਹਮਣੇ ਨਹੀਂ ਹੋਈਆਂ। ਵਿਰਾਟ ਕੋਹਲੀ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਰੋਜ ਬਾਓਲ, ਸਾਊਥਹੈਂਪਟਨ ‘ਤੇ ਕਰੇਗਾ ਜਿਸ ਵਿੱਚ ਭਾਰਤੀ ਰਿਕਰਾਡ ਤਿੰਨ ਮੈਚਾਂ ਵਿੱਚੋਂ ਇੱਕ ਜਿੱਤ ਅਤੇ ਦੋ ਹਾਰਾਂ ਦਾ ਰਿਹਾ ਹੈ। ਭਾਰਤ ਨੇ ਇਸ ਮੈਦਾਨ ‘ਤੇ ਇੱਕਲੌਤੀ ਜਿੱਤ 2004 ਵਿੱਚ ਕੀਨੀਆ ਵਿਰੁੱਧ ਦਰਜ ਕੀਤੀ ਸੀ। ਦੱਖਣੀ ਅਫ਼ਰੀਕਾ ਤੋਂ ਇਲਾਵਾ ਅਫ਼ਗਾਨਿਸਤਾਨ (22 ਜੂਨ) ਨਾਲ ਵੀ ਭਾਰਤ ਇਸੇ ਮੈਦਾਨ ‘ਤੇ ਭਿੜੇਗਾ।
ਆਸਟਰੇਲੀਆ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਭਾਰਤੀ ਟੀਮ 9 ਜੂਨ ਨੂੰ ਓਵਲ ਵਿੱਚ ਕਰੇਗੀ। ਭਾਰਤ ਨੇ ਇਸ ਮੈਦਾਨ ‘ਤੇ ਸਭ ਤੋਂ ਵੱਧ 15 ਵਨ ਡੇ ਖੇਡੇ ਹਨ ਜਿਨ੍ਹਾਂ ਵਿੱਚੋਂ ਉਸ ਨੇ ਸਿਰਫ਼ ਪੰਜ ਵਿੱਚ ਹੀ ਜਿੱਤ ਦਰਜ ਕੀਤੀ ਹੈ ਜਦਕਿ ਨੌਂ ਮੈਚ ਉਸ ਨੇ ਗੁਆਏ ਹਨ। ਇੱਕ ਮੈਚ ਦਾ ਨਤੀਜਾ ਨਹੀਂ ਸੀ ਨਿਕਲਿਆ। ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੇ 1999 ਵਿਸ਼ਵ ਕੱਪ ਵਿੱਚ ਮੈਚ ਖੇਡਿਆ ਗਿਆ ਸੀ। ਆਸਟਰੇਲੀਆ ਨੇ ਇਹ ਮੈਚ 77 ਦੌੜਾਂ ਨਾਲ ਜਿੱਤਿਆ ਸੀ। ਭਾਰਤੀ ਟੀਮ ਨਿਊ ਜ਼ੀਲੈਂਡ (13 ਜੂਨ) ਨਾਲ ਟ੍ਰੈਂਟਬ੍ਰਿਜ, ਨੌਟਿੰਘਮ ਵਿੱਚ ਅਤੇ ਸ਼੍ਰੀਲੰਕਾ (6 ਜੁਲਾਈ) ਨਾਲ ਹੈਡਿੰਗਲੇ, ਲੀਡਜ਼ ਵਿੱਚ ਭਿੜੇਗੀ। ਨੌਟਿੰਘਮ ਵਿੱਚ ਬਾਰਤੀ ਟੀਮ ਨੇ ਸੱਤ ਮੈਚਾਂ ਵਿੱਚੋਂ ਤਿੰਨ ਵਿੱਚ ਜਿੱਤ ਅਤੇ ਇੰਨੇ ਹੀ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ।