ਨਵੀਂ ਦਿੱਲੀ – ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਵਿੱਚ ਬੱਲੇਬਾਜ਼ੀ ਦੇ ਚੌਥੇ ਸਥਾਨ ਲਈ ਚੁਣਿਆ ਗਿਆ ਵਿਜੈ ਸ਼ੰਕਰ IPL ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਜਿਸ ਕਾਰਨ ਭਾਰਤੀ ਚੋਣਕਾਰ 30 ਮਈ ਤੋਂ ਸ਼ੁਰੂ ਹੋਣ ਵਾਲੇ ਆਲਮੀ ਟੂਰਨਾਮਮੈਂਟ ਵਿੱਚ ਉਸ ਬਾਰੇ ਰਣਨੀਤੀ ਬਦਲ ਸਕਦੇ ਹਨ। ਚੌਥੇ ਸਥਾਨ ‘ਤੇ ਬੱਲੇਬਾਜ਼ੀ ਦਾ ਇੱਕ ਹੋਰ ਦਾਅਵੇਦਾਰ ਦਿਨੇਸ਼ ਕਾਰਤਿਕ ਵੀ ਉਮੀਦਾਂ ‘ਤੇ ਖਰ੍ਹਾ ਨਹੀਂ ਉਤਰਿਆ ਜਦਕਿ ਸਪਿਨਰ ਕੁਲਦੀਪ ਯਾਦਵ ਦੇ ਨਾ ਚੱਲਣ ਕਾਰਨ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਨੂੰ ਆਖ਼ਰੀ ਮੈਚਾਂ ਵਿੱਚ ਟੀਮ ਤੋਂ ਹੀ ਬਾਹਰ ਰੱਖਿਆ।
ਕੇਦਾਰ ਜਾਧਵ ਵੀ ਲੋੜ ਸਮੇਂ ਆਪਣੀ ਭੂਮਿਕਾ ਨਹੀਂ ਨਿਭਾਅ ਸਕਿਆ। ਸ਼ੰਕਰ ਨੇ ਸਨਰਾਈਜ਼ਰਜ਼ ਵਲੋਂ 15 ਮੈਚਾਂ ਵਿੱਚ 20.33 ਦੀ ਔਸਤ ਨਾਲ ਕੇਵਲ 244 ਦੌੜਾਂ ਹੀ ਬਣਾਈਆਂ। ਉਸ ਦਾ ਸਰੋਵਤਮ ਸਕੋਰ ਨਾਬਾਦ 40 ਦੌੜਾਂ ਰਿਹਾ। ਗੇਂਦਬਾਜ਼ੀ ਵਿੱਚ ਉਸ ਨੇ 70 ਦੌੜਾਂ ਦੇ ਕੇ ਇੱਕ ਵਿਕਟ ਲਈ। ਵਿਸ਼ਵ ਕੱਪ ਟੀਮ ਚੁਣਨ ਸਮੇਂ ਅੰਬਾਤੀ ਰਾਇਡੂ ਦੀ ਥਾਂ ਸ਼ੰਕਰ ਅਤੇ ਰਿਸ਼ਭ ਪੰਤ ਦੀ ਥਾਂ ਕਾਰਤਿਕ ਨੂੰ ਟੀਮ ਵਿੱਚ ਚੁਣਿਆ ਗਿਆ। ਕਾਰਤਿਕ 14 ਮੈਚਾਂ ਵਿੱਚ 253 ਦੌੜਾਂ ਹੀ ਬਣਾ ਸਕਿਆ ਜਦੋਂਕਿ ਰਿਸ਼ਭ ਪੰਤ ਨੇ 16 ਮੈਚਾਂ ਵਿੱਚ 488 ਦੌੜਾਂ ਬਣਾਈਆਂ ਹਨ।