ਨਵੀਂ ਦਿੱਲੀ – ਇੰਗਲੈਂਡ ਦੀਆਂ ਸਵਿੰਗ ਅਤੇ ਉਛਾਲ ਲੈਣ ਵਾਲੀਆਂ ਪਿੱਚਾਂ ‘ਤੇ ਭਾਰਤ ਦੀਆਂ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਦਾ ਦਾਰੋਮਦਾਰ ਬਹੁਤ ਹੱਦ ਤਕ ਸਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਤਜਰਬੇਕਾਰ ਓਪਨਿੰਗ ਜੋੜੀ ‘ਤੇ ਨਿਰਭਰ ਕਰੇਗਾ।
ਸਿਖਰ ਅਤੇ ਰੋਹਿਤ ਦੀ ਜੋੜੀ ਇਸ ਸਮੇਂ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਤਜਰਬੇਕਾਰ ਓਪਨਿੰਗ ਜੋੜੀ ਮੰਨੀ ਜਾਂਦੀ ਹੈ ਅਤੇ ਓਪਨਿੰਗ ਵਿੱਚ ਖੱਬੇ ਅਤੇ ਸੱਜੇ ਹੱਥ ਦਾ ਤਾਲਮੇਲ ਵਿਰੋਧੀ ਟੀਮਾਂ ਲਈ ਸਿਰਦਰਦ ਬਣਿਆ ਰਹਿੰਦਾ ਹੈ। ਸਿਖਰ ਅਤੇ ਰੋਹਿਤ ਲੰਬੇ ਸਮੇਂ ਤੋਂ ਭਾਰਤ ਲਈ ਖੇਡ ਰਹੇ ਹਨ ਅਤੇ ਇੱਕ-ਦੂਜੇ ਨੂੰ ਬਾਖ਼ੂਬੀ ਸਮਝਦੇ ਹਨ। ਭਾਰਤੀ ਵਨ ਡੇ ਟੀਮ ਦੇ ਉੱਪ ਕਪਤਾਨ ਰੋਹਿਤ ਦੇ ਨਾਂ ਇੱਕ ਦਿਨਾ ਕ੍ਰਿਕਟ ਵਿੱਚ 264 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡਣ ਦਾ ਵਿਸ਼ਵ ਰਿਕਰਾਡ ਹੈ ਅਤੇ ਉਸ ਦੇ ਨਾਂ ਵਨ ਡੇ ਵਿੱਚ ਤਿੰਨ ਦੋਹਰੇ ਸੈਂਕੜੇ ਦਰਜ ਹਨ। ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਵਨ ਡੇ ਵਿੱਚ 206 ਮੈਚਾਂ ਵਿੱਚ 8,010 ਦੌੜਾਂ ਬਣਾ ਚੁੱਕਾ ਹੈ ਜਿਸ ਵਿੱਚ 22 ਸੈਂਕੜੇ ਅਤੇ 41 ਅਰਧ ਸੈਂਕੜੇ ਸ਼ਾਮਿਲ ਹਨ। ਇਨ੍ਹਾਂ 22 ਸੈਂਕੜਿਆਂ ਵਿੱਚੋਂ 13 ਸੈਂਕੜੇ ਤਾਂ ਵਿਦੇਸ਼ੀ ਧਰਤੀ ‘ਤੇ ਬਣੇ ਹਨ। ਉਸ ਨੇ ਇੰਗਲੈਂਡ ਦੀ ਧਰਤੀ ‘ਤੇ ਦੋ ਸੈਂਕੜੇ ਬਣਾਏ ਹਨ।
ਖੱਬੇ ਹੱਥ ਦੇ ਬੱਲੇਬਾਜ਼ ਸਿਖਰ ਨੇ 128 ਵਨ ਡੇਜ਼ ਵਿੱਚ 16 ਸੈਂਕੜੇ ਤੇ 27 ਅਰਧ ਸੈਂਕੜਿਆਂ ਦੀ ਮਦਦ ਨਾਲ 5, 355 ਦੌੜਾਂ ਬਣਾਈਆਂ ਹਨ। ਸਿਖਰ ਦੇ 16 ਸੈਂਕੜਿਆਂ ਵਿੱਚੋਂ 11 ਸੈਂਕੜੇ ਤਾਂ ਵਿਦੇਸ਼ੀ ਧਰਤੀ ‘ਤੇ ਬਣੇ ਹਨ। ਉਸ ਨੇ ਇੰਗਲੈਂਡ ਦੀ ਧਰਤੀ ‘ਤੇ ਤਿੰਨ ਸੈਂਕੜੇ ਬਣਾਏ ਹਨ। ਹਾਲ ਹੀ ਵਿੱਚ ਖ਼ਤਮ ਹੋਏ IPL ਵਿੱਚ ਦੋਹੇਂ ਓਪਨਰਾਂ ਦਾ ਪ੍ਰਦਰਸਨ ਸਬਰਯੋਗ ਰਿਹਾ ਹੈ। ਦਿੱਲੀ ਕੈਪੀਟਲਜ਼ ਵਲੋਂ ਖੇਡਣ ਵਾਲੇ ਸਿਖਰ ਨੇ 16 ਮੈਚਾਂ ਵਿੱਚ 521 ਦੌੜਾਂ ਬਣਾਈਆਂ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਿੱਚ ਉਹ ਚੌਥੇ ਸਥਾਨ ‘ਤੇ ਰਿਹਾ। ਉਸ ਦੇ ਇਸ ਪ੍ਰਦਰਸ਼ਨ ਨੇ ਦਿੱਲੀ ਨੂੰ ਛੇ ਸਾਲ ਬਾਅਦ ਪਲੇਔਫ਼ ਵਿੱਚ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
IPL-12 ਵਿੱਚ ਚੈਂਪੀਅਨ ਬਣੀ ਟੀਮ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਨੇ 15 ਮੈਚਾਂ ਵਿੱਚ 405 ਦੌੜਾਂ ਬਣਾਈਆਂ ਹਾਲਾਂਕਿ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਰੋਹਿਤ ਥੋੜ੍ਹਾ ਪਿੱਛੇ ਰਿਹਾ, ਪਰ ਇੰਗਲੈਂਡ ਵਿੱਚ ਉਸ ‘ਤੇ ਕਾਫ਼ੀ ਦਾਰੋਮਦਾਰ ਰਹੇਗਾ। ਭਾਰਤ ਦੀ ਵਿਸ਼ਵ ਕੱਪ ਟੀਮ ਵਿੱਚ ਤੀਜੇ ਓਪਨਰ ਅਤੇ ਚੋਟੀਕ੍ਰਮ ਦੇ ਬੱਲੇਬਾਜ਼ ਦੇ ਰੂਪ ਵਿੱਚ ਲੋਕੇਸ਼ ਰਾਹੁਲ ਮੌਜੂਦ ਹੈ ਜਿਸ ਨੇ IPL ਵਿੱਚ 14 ਮੈਚਾਂ ਵਿੱਚ 593 ਦੌੜਾਂ ਬਣਾਈਆਂ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਉਹ ਡੇਵਿਡ ਵਾਰਨਰ ਤੋਂ ਬਾਅਦ ਦੂਜੇ ਸਥਾਨ ‘ਤੇ ਰਿਹਾ। ਜੇਕਰ ਵਿਸ਼ਵ ਕੱਪ ਵਿੱਚ ਸ਼ਿਖਰ ਜਾਂ ਰੋਹਿਤ ਵਿੱਚੋਂ ਕਿਸੇ ਦਾ ਪ੍ਰਦਰਸ਼ਨ ਉਮੀਦਾਂ ਦੇ ਅਨੁਸਾਰ ਨਹੀਂ ਰਹਿੰਦਾ ਹੈ ਤਾਂ ਰਾਹੁਲ ਉਸ ਦੀ ਜਗ੍ਹਾ ਲੈ ਸਕਦਾ ਹੈ।