ਲੁਧਿਆਣਾ : ਅਨਮੋਲ ਕਵਾਤਰਾ ਅਤੇ ਮੋਹਿਤ ਰਾਮਪਾਲ ਵਿਵਾਦ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸ਼ਬਦੀ ਜੰਗ ਛਿੜ ਗਈ ਹੈ। ਮਹਾਨਗਰ ਦੇ ਨਾਲ ਹੀ ਕਈ ਹੋਰ ਸ਼ਹਿਰਾਂ ਦੇ ਲੋਕ ਇਸ ਮਾਮਲੇ ਨੂੰ ਲੈ ਕੇ ਕਈ ਪ੍ਰਕਾਰ ਦੇ ਦੋਸ਼-ਅਦੋਸ਼ ਇਕ-ਦੂਜੇ ਪੱਖ ‘ਤੇ ਲਾ ਰਹੇ ਹਨ। ਕੁਝ ਲੋਕ ਇਸ ਘਟਨਾਕ੍ਰਮ ਨੂੰ ਲੈ ਕੇ ਜਿਥੇ ਮੋਹਿਤ ਰਾਮਪਾਲ ਅਤੇ ਉਸ ਦੇ ਸਾਥੀਆਂ ਖਿਲਾਫ ਭੜਾਸ ਕੱਢ ਰਹੇ ਹਨ, ਉਥੇ ਦੂਜੇ ਪਾਸੇ ਕੁਝ ਸਮਾਜ ਸੇਵੀ ਸੰਸਥਾਵਾਂ ਸਮੇਤ ਯੂਥ ਵਰਗ ਦਾ ਇਕ ਗੁੱਟ ਅਨਮੋਲ ਕਵਾਤਰਾ ਵਲੋਂ ਫੇਸਬੁੱਕ ‘ਤੇ ਵਰਤੀ ਗਈ ਕਥਿਤ ਭੱਦੀ ਭਾਸ਼ਾ ਨੂੰ ਲੈ ਕੇ ਉਸ ਦੇ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਹਨ। ਕੁਲ ਮਿਲਾ ਕੇ ਕਿਹਾ ਜਾਵੇ ਤਾਂ ਹਰੇਕ ਉਮਰ ਅਤੇ ਵਰਗ ਦੇ ਲੋਕਾਂ ਦੀ ਜ਼ੁਬਾਨ ‘ਤੇ ਅਨਮੋਲ ਕਵਾਤਰਾ ਅਤੇ ਮੋਹਿਤ ਰਾਮਪਾਲ ਵਿਵਾਦ ਛਿੜਿਆ ਹੋਇਆ ਹੈ। ਕੁਲ ਮਿਲਾ ਕੇ ਕਿਹਾ ਜਾਵੇ ਤਾਂ ਉਕਤ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਰਾਜਨੀਤਕ ਰੰਗਤ ਲੈਂਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਅਤੇ ਨੇਤਾਵਾਂ ਵਲੋਂ ਇਕ-ਦੂਜੇ ‘ਤੇ ਸ਼ਬਦੀ ਚਿੱਕੜ ਅਤੇ ਅਸਲੀਅਤ ਜਾਨਣ ਲਈ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵੀਡੀਓ ‘ਤੇ ਨਜ਼ਰਾਂ ਜਮਾਈ ਬੈਠੇ ਹਨ।
ਰੋਹਿਤ ਸਾਹਨੀ ਨੇ ਕਵਾਤਰਾ ਦੇ ਖਿਲਾਫ ਖੋਲ੍ਹਿਆ ਮੋਰਚਾ
ਉਕਤ ਮੁੱਦੇ ਨੂੰ ਲੈ ਕੇ ਯੂਥ ਅਕਾਲੀ ਨੇਤਾ ਰੋਹਿਤ ਸਾਹਨੀ ਨੇ ਅਨਮੋਲ ਕਵਾਤਰਾ ਵਲੋਂ ਫੇਸਬੁੱਕ ‘ਤੇ ਇਸਤੇਮਾਲ ਕੀਤੀ ਗਈ ਭੱਦੀ ਭਾਸ਼ਾ ਨੂੰ ਲੈ ਕੇ ਇਤਰਾਜ਼ ਜਤਾਉਂਦੇ ਹੋਏ ਉਸ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਾਹਨੀ ਨੇ ਕਿਹਾ ਕਿ ਫੇਸਬੁੱਕ ਅਤੇ ਹੋਰ ਸੋਸ਼ਲ ਸਾਈਟਸ ‘ਤੇ ਉਕਤ ਵੀਡੀਓ ਕਲਿੱਪ ਨੂੰ ਦੇਖਣ ਵਾਲਿਆਂ ‘ਚ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਸ਼ਾਮਲ ਹਨ, ਜੋ ਕਿ ਆਪਣੇ ਆਪ ‘ਚ ਇਕ ਸ਼ਰਮਸਾਰ ਕਰ ਦੇਣ ਵਾਲਾ ਕਿੱਸਾ ਹੈ। ਉਨ੍ਹਾਂ ਕਿਹਾ ਕਿ ਅਸਲ ‘ਚ ਅਨਮੋਲ ਕਵਾਤਰਾ ਅਤੇ ਰਾਮਪਾਲ ਦੇ ਵਿਚਕਾਰ ਹੋਇਆ ਵਿਵਾਦ ਇਕ ਪਰਸਨਲ ਮਾਮਲਾ ਸੀ, ਜਿਸ ਨੂੰ ਜਾਣ-ਬੁਝ ਕੇ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜੇਕਰ ਮੰਨ ਲਿਆ ਜਾਵੇ ਕਿ ਉਕਤ ਦੋਵੇਂ ਧਿਰਾਂ ਦੇ ਵਿਚਕਾਰ ਲੜਾਈ-ਝਗੜਾ ਹੋਇਆ ਵੀ ਸੀ ਤਾਂ ਇਸ ਦੌਰਾਨ ਚੋਣ ਮਾਹੌਲ ਹੋਣ ਕਾਰਣ ਪ੍ਰਸ਼ਾਸਨ ਨੇ ਧਾਰਾ 144 ਲਾ ਰੱਖੀ ਸੀ, ਜਿਸ ‘ਚ ਜਾਂਚ-ਪੜਤਾਲ ਤੋਂ ਬਾਅਦ ਪੁਲਸ ਵਲੋਂ ਦੋਸ਼ੀ ਪਾਏ ਜਾਣ ਵਾਲੇ ਪੱਖ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਤੈਅ ਸੀ ਤਾਂ ਫਿਰ ਕਿਉਂ ਅਨਮੋਲ ਵਲੋਂ ਲੋਕਾਂ ਨੂੰ ਕਥਿਤ ਤੌਰ ‘ਤੇ ਭੜਕਾ ਕੇ ਰੋਡ ਜਾਮ ਕੀਤਾ ਗਿਆ।
ਸਾਹਨੀ ਨੇ ਤਾਂ ਇਥੋਂ ਤਕ ਕਿਹਾ ਕਿ ਕਵਾਤਰਾ ਵਲੋਂ ਇਕ ਮਿਊਜ਼ਿਕ ਕੰਪਨੀ ਤੋਂ ਆਪਣਾ ਗਾਣਾ ਰਿਕਾਰਡ ਕਰਵਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਹਨ, ਜਿਸ ਦੀ ਜਾਂਚ-ਪੜਤਾਲ ਕਰਵਾਉਣ ਸਬੰਧੀ ਉਹ ਇਨਕਮ ਟੈਕਸ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਣਗੇ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਕਤ ਲੱਖਾਂ ਰੁਪਏ ਕਿੱਥੋਂ ਆਏ ਹਨ। ਉਕਤ ਸਾਰੇ ਘਟਨਾਕ੍ਰਮ ਨੂੰ ਲੈ ਕੇ ਅਨਮੋਲ ਕਵਾਤਰਾ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨਾ ਚਾਹਿਆ ਪਰ ਗੱਲ ਨਹੀਂ ਹੋ ਸਕੀ ਪਰ ਉਸ ਤੋਂ ਪਹਿਲਾਂ ਕਵਾਤਰਾ ਵਲੋਂ ਫੇਸਬੁੱਕ ‘ਤੇ ਲਾਈਵ ਪੋਸਟ ਕੀਤੀ ਗਈ ਵੀਡੀਓ ‘ਚ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਦੇ ਪਿਤਾ ਰਾਜੂ ਕਵਾਤਰਾ ਅਤੇ ਉਨ੍ਹਾਂ ‘ਤੇ (ਅਨਮੋਲ) ‘ਤੇ ਮੋਹਿਤ ਰਾਮਪਾਲ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਰੰਜਿਸ਼ਨ ਹਮਲਾ ਕੀਤਾ ਗਿਆ ਹੈ। ਜਦਕਿ ਇਕ ਹੋਰ ਮੁੱਦੇ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਹਾਂ ਸਗੋਂ ਖੁਦ ਦੀ ਕਮਾਈ ਨਾਲ ਜੀਵਨ ਬਤੀਤ ਕਰ ਰਿਹਾ ਹਾਂ। ਉਕਤ ਮਾਮਲੇ ਨੂੰ ਲੈ ਕੇ ਊਠ ਚਾਹੇ ਕਿਸੇ ਵੀ ਕਰਵਟ ਕਿਉਂ ਨਾ ਬੈਠੇ ਪਰ ਜੋ ਮਾਹੌਲ ਬਣਿਆ ਹੋਇਆ ਹੈ, ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰੇਕ ਵਿਅਕਤੀ ਦੀ ਬਾਜ ਅੱਖ ਮਾਮਲੇ ਦੀ ਅਸਲੀਅਤ ਜਾਨਣ ਲਈ ਬੇਤਾਬ ਹੈ।