ਪੁੰਛ— ਜੰਮੂ-ਕਸ਼ਮੀਰ ਦੇ ਪੁੰਛ ‘ਚ ਕੰਟਰੋਲ ਰੇਖਾ ਕੋਲ ਆਈ.ਈ.ਡੀ. ਧਮਾਕਾ ਹੋਇਆ। ਇਸ ਧਮਾਕੇ ‘ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ 8 ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ। ਭਾਰਤੀ ਫੌਜ ਦੇ ਜਵਾਨਾਂ ‘ਤੇ ਇਹ ਹਮਲਾ ਚੋਣ ਨਤੀਜੇ ਆਉਣ ਦੇ ਕੁਝ ਘੰਟੇ ਪਹਿਲਾਂ ਹੋਇਆ ਹੈ।
ਐਗਜ਼ਿਟ ਪੋਲ ‘ਚ ਫਿਰ ਤੋਂ ਭਾਜਪਾ ਦੀ ਸਰਕਾਰ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ ਨਰਿੰਦਰ ਮੋਦੀ ਫਿਰ ਤੋਂ ਪੀ.ਐੱਮ. ਬਣ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਖਬਰ ਤੋਂ ਬਾਅਦ ਪਾਕਿਸਤਾਨ ‘ਚ ਬੇਚੈਨੀ ਹੈ। ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਅੱਤਵਾਦੀ ਵੀ ਘਬਰਾਏ ਹੋਏ ਹਨ, ਜਿਸ ਕਾਰਨ ਵੋਟਾਂ ਦੀ ਗਿਣਤੀ ਦੇ ਕੁਝ ਘੰਟੇ ਪਹਿਲਾਂ ਧਮਾਕਾ ਕਰ ਕੇ ਅੱਤਵਾਦੀ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ।
ਦੱਸਣਯੋਗ ਹੈ ਕਿ ਇਸ ਆਈ.ਈ.ਡੀ. ਧਮਾਕੇ ਤੋਂ ਪਹਿਲਾਂ ਬੁੱਧਵਾਰ ਦੀ ਸਵੇਰ ਹੀ ਜੰਮੂ-ਕਸ਼ਮੀਰ ‘ਚ ਹਿਜ਼ਬੁਲ ਦੇ ਅੱਤਵਾਦੀਆਂ ਅਤੇ ਫੌਜ ਦਰਮਿਆਨ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ‘ਚ ਫੌਜੀ ਫੋਰਸਾਂ ਨੇ ਕੁਲਗਾਮ ਜ਼ਿਲੇ ‘ਚ ਹਿਜ਼ਬੁਲ ਮੁਜਾਹੀਦੀਨ ਦੇ 2 ਅੱਤਵਾਦੀ ਮਾਰ ਸੁੱਟੇ ਸਨ।