ਨਵੀਂ ਦਿੱਲੀ – ਇੱਕ ਜ਼ਮਾਨੇ ਵਿੱਚ ਆਪਣੀ ਤੇਜ਼ੀ ਨਾਲ ਦੁਨੀਆ ਭਰ ਦੇ ਬੱਲੇਬਾਜ਼ਾ ‘ਚ ਦਹਿਸ਼ਤ ਪੈਦਾ ਕਰਨ ਵਾਲੇ ਜੈੱਫ਼ ਥੌਮਸਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਕਾਫ਼ੀ ਪ੍ਰਭਾਵਿਤ ਹਨ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ‘ਚ ਆਪਣੀ ਤੇਜ਼ ਰਫ਼ਤਾਰ ਨਾਲ ਵਿਰੋਧੀ ਟੀਮ ਨੂੰ ਤਹਿਸ ਨਹਿਸ ਕਰਨ ਦੀ ਸਮਰਥਾ ਹੈ। ਬੁਮਰਾਹ ਨੂੰ ਸਚਿਨ ਤੇਂਦੁਲਕਰ ਨੇ ਵੀ ਵਰਤਮਾਨ ਸਮੇਂ ‘ਚ ਦੁਨੀਆ ਦਾ ਸਭ ਤੋਂ ਬਿਹਤਰੀਨ ਗੇਂਦਬਾਜ਼ ਕਰਾਰ ਦਿੱਤਾ ਸੀ ਅਤੇ ਮਹਾਨ ਡੇਨਿਸ ਲਿਲੀ ਦੇ ਪੂਰਵ ਸਾਥੀ ਥੌਮਸਨ ਨੇ ਵੀ ਉਨ੍ਹਾਂ ਦੀ ਤਾਰੀਫ਼ਾਂ ਦੇ ਪੁਲ ਬਨ੍ਹਣ ‘ਚ ਕੋਈ ਕਸਰ ਨਹੀਂ ਛੱਡੀ।
ਮੈਲਕਮ ਮਾਰਸ਼ਲ ਦੇ ਨਾਲ 70 ਦੇ ਦਹਾਕੇ ‘ਚ ਦੁਨੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ ਰਹੇ ਥੌਮਸਨ ਨੇ ਕਿਹਾ, ”ਬੁਮਰਾਹ ਵਾਸਤਵ ‘ਚ ਇੱਕ ਚੰਗਾ ਗੇਂਦਬਾਜ਼ ਹੈ। ਉਹ ਅਜਿਹਾ ਗੇਂਦਬਾਜ਼ ਹੈ ਜੋ ਜਿੰਨੀਂ ਜ਼ਿਆਦਾ ਗੇਂਦਬਾਜ਼ੀ ਕਰਦਾ ਹੈ ਓਨਾ ਹੀ ਬਿਹਤਰ ਨਤੀਜਾ ਹਾਸਿਲ ਕਰਦਾ ਹੈ। ਉਸ ਨੇ ਕਿਹਾ, ”ਉਸ ਕੋਲ ਵਿਰੋਧੀ ਟੀਮ ਨੂੰ ਤਹਿਸ ਨਹਿਸ ਕਰਨ ਲਈ ਸਮਰਥ ਤੇਜ਼ੀ ਹੈ। ਉਹ ਆਪਣੀ ਰਫ਼ਤਾਰ ‘ਚ ਬਦਲਾਅ ਕਰਦਾ ਹੈ ਅਤੇ ਉਸ ਦੀਆਂ ਗੇਂਦਾਂ ਨੂੰ ਸਮਝਣਾ ਮੁਸ਼ਕਿਲ ਹੈ। ਮੈਂ ਨਹੀਂ ਦੇਖਿਆ ਕਿ ਬੱਲੇਬਾਜ਼ ਉਸ ਦੀਆਂ ਗੇਂਦਾਂ ਨੂੰ ਚੰਗੀ ਤਰ੍ਹਾਂ ਤੋਂ ਸਮਝ ਰਹੇ ਹੋਣ। ਉਸ ਦਾ ਐਕਸ਼ਨ ਅਲਗ ਹੈ ਅਤੇ ਇਸ ਨਾਲ ਫ਼ਰਕ ਪੈਂਦਾ ਹੈ।”
ਥੌਮਸਨ ਮੁਤਾਬਿਕ ਬੁਮਰਾਹ ਤੋਂ ਇਲਾਵਾ ਕੈਗਿਸੋ ਰਬਾਡਾ ਦੂਸਰਾ ਅਜਿਹਾ ਗੇਂਦਬਾਜ਼ ਹੈ ਜਿਸ ‘ਤੇ ਵਿਸ਼ਵ ਕੱਪ ਦੌਰਾਨ ਨਜ਼ਰਾਂ ਟਿੱਕੀਆਂ ਰਹਿਣਗੀਆਂ।