ਨਵੀਂ ਦਿੱਲੀ – ਭਾਰਤ ਨੂੰ 30 ਮਈ ਤੋਂ ਇੰਗਲੈਂਡ ਵਿੱਚ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਗਿਣਦਿਆਂ ਪਾਕਿਸਤਾਨ ਦੇ ਸਾਬਕਾ ਕਪਤਾਨ ਜ਼ਹੀਰ ਅੱਬਾਸ ਨੇ ਕਿਹਾ ਕਿ ਦੋ ਵਿਸ਼ਵ ਕੱਪ ਜਿਤਾ ਚੁੱਕੇ ਮਹਿੰਦਰ ਸਿੰਘ ਧੋਨੀ ਦਾ ਕ੍ਰਿਕਟਰ ਦਿਮਾਗ਼ ਭਾਰਤੀ ਟੀਮ ਲਈ ਇੱਕ ਟ੍ਰੰਪ ਕਾਰਡ ਸਾਬਿਤ ਹੋ ਸਕਦਾ ਹੈ। ਭਾਰਤ ਨੂੰ T-20 (2007) ਅਤੇ ਵਿਸ਼ਵ ਕੱਪ (2011) ਜਿੱਤਾ ਚੁੱਕੇ ਧੋਨੀ ਦਾ ਇਹ ਆਖ਼ਰੀ ਵਿਸ਼ਵ ਕੱਪ ਹੈ ਜਦਕਿ ਬਤੌਰ ਕਪਤਾਨ ਵਿਰਾਟ ਕੋਹਲੀ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨੀ ਕਰੇਗਾ।
ਭਾਰਤ ਕੋਲ ਹੈ ਧੋਨੀ ਵਰਗਾ ਜੀਨੀਅਸ
ਅੱਬਾਸ ਨੇ ਪਾਕਿਸਤਾਨ ਤੋਂ ਭਾਸ਼ਾ ਨੂੰ ਫ਼ੋਨ ‘ਤੇ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ”ਭਾਰਤ ਕੋਲ ਧੋਨੀ ਵਰਗਾ ਜੀਨੀਅਸ ਹੈ ਜੋ ਅਸਲ ਵਿੱਚ ਟੀਮ ਦਾ ਦਿਮਾਗ਼ ਹੈ। ਉਹ ਕ੍ਰਿਕਟ ਨੂੰ ਇੰਨਾ ਚੰਗਾ ਸਮਝਦਾ ਹੈ ਕਿ ਕਪਤਾਨ ਅਤੇ ਕੋਚ ਨੂੰ ਉਸ ਦੇ ਤਜਰਬੇ ਦਾ ਫ਼ਾਇਦਾ ਜ਼ਰੂਰ ਮਿਲੇਗਾ। ਉਸ ਕੋਲ ਦੋ ਵਿਸ਼ਵ ਕੱਪ ਜਿੱਤਣ ਦਾ ਤਜਰਬਾ ਹੈ ਇਸ ਲਈ ਉਹ ਟੀਮ ਲਈ ਟ੍ਰੰਪ ਕਾਰਡ ਸਾਬਿਤ ਹੋ ਸਕਦਾ ਹੈ। ਬੱਲੇਬਾਜ਼ਾਂ ਲਈ ਮਦਦਗਾਰ ਇੰਗਲੈਂਡ ਦੀਆਂ ਪਿੱਚਾਂ ਭਾਰਤ ਨੂੰ ਰਾਸ ਆਉਣਗੀਆਂ ਕਿਉਂਕਿ ਉਨ੍ਹਾਂ ਕੋਲ ਮਜ਼ਬੂਤ ਬੱਲੇਬਾਜ਼ੀ ਕ੍ਰਮ ਹੈ। ਭਾਰਤ ਦੇ ਇਲਾਵਾ ਪਾਕਿਸਤਾਨ, ਆਸਟਰੇਲੀਆ, ਇੰਗਲੈਂਡ ਅਤੇ ਨਿਊ ਜ਼ੀਲੈਂਢ ਨੂੰ ਵਿਸ਼ਵ ਕੱਪ ਦੇ ਦਾਅਵੇਦਾਰਾਂ ਵਿੱਚ ਮੰਨਿਆ ਜਾ ਰਿਹਾ ਹੈ।
ਵਿਸ਼ਵ ਕੱਪ ‘ਚ ਭਾਰਤ ਤੋਂ ਇੱਕ ਵੀ ਮੈਚ ਨਹੀਂ ਜਿੱਤ ਸਕਿਆ ਪਾਕਿਸਤਾਨ
ਪਾਕਿਸਤਾਨ ਅਜੇ ਤਕ ਵਿਸ਼ਵ ਕੱਪ ਵਿੱਚ ਭਾਰਤ ਤੋਂ ਇੱਕ ਵੀ ਮੈਚ ਨਹੀਂ ਜਿੱਤ ਸਕਿਆ ਹੈ। ਇਹ ਪੁੱਛਣ ‘ਤੇ ਕਿ ਕੀ ਇਸ ਵਾਰ ਹਾਲਾਤ ਬਦਲਣਗੇ? ਅੱਬਾਸ ਨੇ ਜਵਾਬ ‘ਚ ਕਿਹਾ, ”ਇਹ ਤਾਂ ਮੈਚ ਦੇ ਦਿਨ ਦਬਾਅ ਝੱਲਣ ‘ਤੇ ਨਿਰਭਰ ਹੋਵੇਗਾ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਟੂਰਨਾਮੈਂਟ ਦਾ ਸਭ ਤੋਂ ਸ਼ਾਨਦਾਰ ਮੈਚ ਹੋਵੇਗਾ। ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ 16 ਜੂਨ ਨੂੰ ਮੈਨਚੈਸਟਰ ਵਿੱਚ ਹੋਵੇਗਾ। ਅੱਬਾਸ ਨੇ ਕਿਹਾ ਕਿ ਭਾਰਤ ਦਾ ਰਿਕਾਰਡ ਬਿਹਤਰ ਹੈ, ਪਰ ਪਾਕਿਸਤਾਨ ਆਪਣਾ ਦਿਨ ਹੋਣ ‘ਤੇ ਕਿਸੇ ਨੂੰ ਵੀ ਹਰਾ ਸਕਦਾ ਹੈ। ਇਹ ਟੂਰਨਾਮੈਂਟ ਦਾ ਰੋਮਾਂਚਕ ਮੈਚ ਹੋਵੇਗਾ ਅਤੇ ਮੇਰੀ ਨਜ਼ਰ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ਦੇ ਮੈਦਾਨ ‘ਤੇ ਟੱਕਰ ਐਸ਼ੇਜ਼ ਤੋਂ ਵੀ ਵੱਡੀ ਹੈ।”