ਨਵੀਂ ਦਿੱਲੀ – ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਵਿੱਚ ਜਗ੍ਹਾ ਪਾਉਣ ਵਾਲੇ ਆਲਰਾਊਂਡਰ ਵਿਜੇ ਸ਼ੰਕਰ ਨੇ ਕਿਹਾ ਕਿ ਉਹ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾਉਣ ਲਈ ਹਾਰਦਿਕ ਨਾਲ ਮੁਕਾਬਲੇਬਾਜ਼ੀ ਨਹੀਂ ਕਰ ਰਿਹਾ, ਅਤੇ ਜੇਕਰ ਉਸ ਨੂੰ ਕਿਹਾ ਗਿਆ ਤਾਂ ਉਹ ਚੌਥੇ ਨੰਬਰ ‘ਤੇ ਵੀ ਬੱਲੇਬਾਜ਼ੀ ਕਰਨ ਲਈ ਤਿਆਰ ਹੈ। ਤਾਮਿਲਨਾਡੂ ਦੇ ਇਸ ਆਲਰਾਊਂਡਰ ਖਿਡਾਰੀ ਨੇ ਨਿਊ ਜ਼ੀਲੈਂਡ ਦੌਰੇ ਦੌਰਾਨ ਕਾਫ਼ੀ ਪ੍ਰਭਾਵਿਤ ਕੀਤਾ ਸੀ ਜਿਸ ਤੋਂ ਬਾਅਦ ਉਹ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਦੇ ਸੰਭਾਵਿਤਾਂ ਵਿੱਚ ਸ਼ਾਮਿਲ ਹੈ। ਸ਼ੰਕਰ ਦੇ ਖੇਡਣ ਦਾ ਤਰੀਕਾ ਪੰਡਯਾ ਤੋਂ ਬਿਲਕੁਲ ਅਲੱਗ ਹੈ, ਅਤੇ ਸ਼ਾਇਦ ਇਸ ਲਈ ਉਸ ਨੂੰ ਲਗਦਾ ਹੈ ਕਿ ਉਹ ਪੰਡਯਾ ਨਾਲ ਕਿਸੇ ਦੌੜ ਵਿੱਚ ਸ਼ਾਮਿਲ ਨਹੀਂ ਹੈ। ਹਾਲਾਂਕਿ ਹਾਲ ਹੀ ਵਿੱਚ ਨਿਪਟੇ IPL 2019 ਵਿੱਚ ਸ਼ੰਕਰ ਆਪਣੀ ਟੀਮ ਲਈ ਕੁੱਝ ਖ਼ਾਸ ਨਹੀਂ ਕਰ ਸੱਕਿਆ।
ਸ਼ੰਕਰ ਨੇ ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘@ਮੈਨੂੰ ਨਹੀਂ ਲਗਦਾ ਕਿ ਮੈਂ ਪੰਡਯਾ ਨਾਲ ਮੁਕਾਬਲਾ ਕਰ ਰਿਹਾ ਹਾਂ, ਉਹ ਕਮਾਲ ਦਾ ਕ੍ਰਿਕਟਰ ਹੈ। ਹਾਂ ਅਸੀਂ ਦੋਵੇਂ ਆਲਰਾਊਂਡਰ ਹਾਂ, ਪਰ ਇੱਕ-ਦੂਜੇ ਤੋਂ ਵੱਖ ਹਾਂ। ਸਾਨੂੰ ਮੁਕਾਬਲਾ ਕਰਨ ਦੀ ਜ਼ਰੂਰਤ ਕਿਊਂ ਪਵੇਗੀ? ਜੇਕਰ ਅਸੀਂ ਦੋਹੇਂ ਦੇਸ਼ ਦੀ ਜਿੱਤ ਵਿੱਚ ਕੋਈ ਭੂਮਿਕਾ ਨਿਭਾ ਸਕੇ ਤਾਂ ਇਹ ਸ਼ਾਨਦਾਰ ਹੋਵੇਗਾ।”
ਸ਼ੰਕਰ ਅਤੇ ਪੰਡਯਾ ਦੋਵੇਂ ਵੱਡੇ ਸ਼ੌਟ ਖੇਡਣ ਲਈ ਜਾਣੇ ਜਾਂਦੇ ਹਨ, ਪਰ ਪੰਡਯਾ ਜਿੱਥੇ ਤਾਕਤ ਦਾ ਇਸਤੇਮਾਲ ਕਰਦਾ ਹੈ ਉੱਥੇ ਸ਼ੰਕਰ ਟਾਈਮਿੰਗ ‘ਤੇ ਜ਼ਿਆਦਾ ਨਿਰਭਰ ਰਹਿੰਦੈ। ਸ਼ੰਕਰ ਨੇ ਕਿਹਾ, ”ਮੈਨੂੰ ਵੱਡੇ ਛੱਕੇ ਲਗਾਉਣਾ ਪਸੰਦ ਹੈ। ਮੇਰੇ ਲਈ ਲੈਅ ਵਿੱਚ ਬਣੇ ਰਹਿਣਾ ਜ਼ਰੂਰੀ ਹੈ। ਜਦੋਂ ਮੈਂ ਤਾਕਤ ਦਾ ਇਸਤੇਮਾਲ ਕਰਦਾ ਹਾਂ ਤਾਂ ਜ਼ਿਆਦਾਤਰ ਕਾਮਯਾਬ ਨਹੀਂ ਹੁੰਦਾ, ਪਰ ਜੇਕਰ ਟਾਈਮਿੰਗ ਚੰਗੀ ਹੁੰਦੀ ਹੈ ਤਾਂ ਗੇਂਦ ਦਰਸ਼ਕਾਂ ਦੀ ਗੈਲਰੀ ਵਿੱਚ ਜਾਂਦੀ ਹੈ।