ਲੰਡਨ – ਮੇਜ਼ਬਾਨ ਇੰਗਲੈਂਡ ਅਤੇ ਭਾਰਤ ਨੂੰ 30 ਮਈ ਤੋਂ ਸ਼ੁਰੂ ਹੋ ਰਹੇ ਵਰਲਡ ਕੱਪ ‘ਚ ਜਿੱਤ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ, ਪਰ ਐਲਨ ਬੌਰਡਰ ਅਤੇ ਬ੍ਰੈੱਟ ਲੀ ਜਿਹੇ ਆਸਟਰੇਲੀਆ ਦੇ ਸਾਬਕਾ ਦਿੱਗਜਾਂ ਦਾ ਮੰਨਣਾ ਹੈ ਕਿ ਪਿਛਲੀ ਵਾਰ ਦਾ ਉੱਪਜੇਤੂ ਨਿਊ ਜ਼ੀਲੈਂਡ ਅਤੇ ਦੋ ਵਾਰ ਦੀ ਚੈਂਪੀਅਨ ਵੈੱਸਟਇੰਡੀਜ਼ ਟੂਰਨਾਮੈਂਟ ‘ਚ ਛੁਪੇ ਰੁਸਤਮ ਸਾਬਿਤ ਹੋ ਸਕਦੇ ਹਨ। ਆਸਟਰੇਲੀਆ ਨੂੰ 1987 ‘ਚ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਬੌਰਡਰ ਨੇ ਕਿਹਾ, ”ਜਦੋਂ ਮੈਂ ਵੈੱਸਟਇੰਡੀਜ਼ ਦੀ ਟੀਮ ਨੂੰ ਦੇਖਦਾ ਹਾਂ ਤਾਂ ਉਹ ਕਾਫ਼ੀ ਖ਼ਤਰਨਾਕ ਟੀਮ ਹੈ। ਜੇਕਰ ਉਨ੍ਹਾਂ ਦੀ ਟੀਮ ਨੇ ਲੈਅ ਹਾਸਿਲ ਕਰ ਲਈ ਤਾਂ ਉਹ ਬਹੁਤ ਖ਼ਤਰਨਾਕ ਹੋ ਜਾਣਗੇ। ਮੈਨੂੰ ਪਤਾ ਹੈ ਕਿ ਮੈਚ ਜਿੰਨਾ ਛੋਟਾ ਹੁੰਦਾ ਹੈ ਉਹ ਓਨੇ ਜ਼ਿਆਦਾ ਖ਼ਤਰਨਾਕ ਹੁੰਦੇ ਜਾਂਦੇ ਹਨ, ਪਰ ਮੈਨੂੰ ਲਗਦਾ ਹੈ ਕਿ ਇੰਗਲੈਂਡ ‘ਚ ਹਾਲਾਤ ਉਨ੍ਹਾਂ ਮੁਤਾਬਿਕ ਹਨ।”
ਸਾਬਕਾ ਤੇਜ਼ ਗੇਂਦਬਾਜ਼ ਬ੍ਰੈੱਟ ਲੀ ਨੇ ਇਸ ਵਿਚਾਲੇ ਬਲੈਕ ਕੈਪਸ ਨੂੰ ਜਿੱਤ ਦਾ ਦਾਅਵੇਦਾਰ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਆਪਣਾ ਦੂਜਾ ਵਰਲਡ ਕੱਪ ਖੇਡ ਰਹੀ ਅਫ਼ਗ਼ਾਨਿਸਤਾਨ ਦੀ ਟੀਮ ਸ਼ਾਨਦਾਰ ਕ੍ਰਿਕਟ ਖੇਡੇਗੀ। ਲੀ ਨੇ ਕਿਹਾ, ”ਨਿਊ ਜ਼ੀਲੈਂਡ ਛੁਪਿਆ ਰੁਸਤਮ ਹੋਵੇਗਾ, ਪਰ ਅਫ਼ਗ਼ਾਨਿਸਤਾਨ ਦੀ ਟੀਮ ਵੀ ਚੰਗਾ ਕ੍ਰਿਕਟ ਖੇਡੇਗੀ। ਉਨ੍ਹਾਂ (ਅਫ਼ਗ਼ਾਨਿਸਤਾਨ) ਦੀ ਬੱਲੇਬਾਜ਼ੀ ਮਜ਼ਬੂਤ ਨਹੀਂ ਪਰ ਗੇਂਦਬਾਜ਼ੀ ਕਮਾਲ ਦੀ ਹੈ।”
ਸਾਬਕਾ ਆਸਟਰੇਲੀਆਈ ਹਰਫ਼ਨਮੌਲਾ ਐਂਡ੍ਰਿਊ ਸਿਮੰਡਜ਼ ਨੇ ਵੀ ਕੈਰੇਬੀਆਈ ਟੀਮ ਨੂੰ ਮਜ਼ਬੂਤ ਦਾਅਵੇਦਾਰ ਕਰਾਰ ਦਿੰਦੇ ਹੋਏ ਕਿਹਾ ਕਿ ਇੰਗਲੈਂਡ ਦੇ ਮੈਦਾਨ ਯੂਨੀਵਰਸਲ ਬੌਸ ਕ੍ਰਿਸ ਗੇਲ ਜਿਹੇ ਵੱਡੇ ਸ਼ੌਟ ਖੇਡਣ ਵਾਲੇ ਬੱਲੇਬਾਜ਼ਾਂ ਲਈ ਢੁਕਵੇਂ ਹਨ। ਉਨ੍ਹਾਂ ਕਿਹਾ, ”ਵੈੱਸਟਇੰਡੀਜ਼, ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਥੋੜ੍ਹਾ ਵਧਿਆ ਹੋਇਆ ਹੈ। ਹਾਲ ਦੇ ਦਿਨਾਂ ‘ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕ੍ਰਿਸ ਗੇਲ ਵੀ ਜਿੱਤ ਦੇ ਨਾਲ ਕਰੀਅਰ ਖ਼ਤਮ ਕਰਨਾ ਚਾਹੇਗਾ। ਉਸ ਦੀ ਬੱਲੇਬਾਜ਼ੀ ਇਨ੍ਹਾਂ ਮੈਦਾਨਾਂ ਦੇ ਲਈ ਢੁਕਵੀਂ ਹੈ। ਮੇਰੇ ਲਈ ਉਹ ਛੁਪਿਆ ਰੁਸਤਮ ਹੈ।”
ਸ਼੍ਰੀਲੰਕਾ ਦੇ ਗੇਂਦਬਾਜ਼ ਮਲਿੰਗਾ ਨੇ ਕਿਹਾ, ”ਸੀਮਿਤ ਓਵਰਾਂ ਦੇ ਖੇਡ ‘ਚ ਗੇਂਦਬਾਜ਼ੀ ਕਰਦੇ ਸਮੇਂ ਵਿਭਿੰਨਤਾ ਬੇਹੱਦ ਜ਼ਰੂਰੀ ਹੈ। IPL ਦੇ ਸਮੇਂ ਸਟੋਇਨਿਸ ਜਾਣਨਾ ਚਾਹੁੰਦੇ ਸਨ ਕਿ ਮੈਂ ਕਿਵੇਂ ਗੇਂਦਬਾਜ਼ੀ ਕਰਦਾ ਹਾਂ। ਮੈਂ ਉਸ ਨੂੰ ਇਸ ਬਾਰੇ ‘ਚ ਸਲਾਹ ਦੇਣਾ ਚਾਹੁੰਦਾ ਸੀ। ਜੋ ਵੀ ਇਸ ਬਾਰੇ ‘ਚ ਜਾਣਨਾ ਚਾਹੇਗਾ ਮੈਂ ਉਸ ਦੀ ਮਦਦ ਕਰਾਂਗਾ। ਕਿੰਨ੍ਹਾਂ ਹਾਲਾਤਾਂ ‘ਚ ਹੌਲੀ ਰਫ਼ਤਾਰ ਦੀ ਗੇਂਦਬਾਜ਼ੀ ਕਰਨੀ ਹੈ ਮੈਂ ਉਸ ਨੂੰ ਸਾਂਝਾ ਕਰ ਸਕਦਾ ਹਾਂ।” 35 ਸਾਲਾ ਮਲਿੰਗਾ ਦੀ ਗੇਂਦਬਾਜ਼ੀ ‘ਚ ਰਫ਼ਤਾਰ ਭਾਵੇਂ ਹੀ ਥੋੜ੍ਹੀ ਘੱਟ ਹੋ ਗਈ ਹੈ, ਪਰ ਗੇਂਦਬਾਜ਼ੀ ‘ਚ ਉਸ ਦੀ ਵਿਭਿੰਨਤਾ ਉਸ ਨੂੰ ਅਜ ਵੀ ਖ਼ਤਰਨਾਕ ਗੇਂਦਬਾਜ਼ ਬਣਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਮੈਦਾਨ ‘ਤੇ ਜ਼ਿਆਦਾ ਅਭਿਆਸ ਕਰਨ ਨਾਲ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ। ਤੁਹਾਨੂੰ 12 ਤੋਂ 18 ਗੇਂਦਾਂ ਵੱਖ-ਵੱਖ ਤਰੀਕੇ ਨਾਲ ਕਰਾਉਣੀ ਹੋਣਗੀਆਂ ਅਤੇ ਆਪਣੀ ਗੇਂਦਬਾਜ਼ੀ ਨੂੰ ਕੇਂਦਰਤ ਕਰਨਾ ਹੋਵੇਗਾ। ਮਲਿੰਗਾ ਨੇ ਕਿਹਾ, ”ਤੁਹਾਡਾ ਹੁਨਰ ਪਹਿਲਾਂ ਹੈ, ਉਸ ਤੋਂ ਬਾਅਦ ਹੀ ਤੁਸੀਂ ਮੈਚ ਨੂੰ ਸਮਝ ਸਕਦੇ ਹੋ। ਇਹ ਦੋਵੇਂ ਚੀਜ਼ਾਂ ਹੀ ਗੇਂਦਬਾਜ਼ ਨੂੰ ਸਮਝਣੀਆਂ ਹੁੰਦੀਆਂ ਹਨ।” ਉਸ ਨੇ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਦੱਖਣੀ ਅਫ਼ਰੀਕਾ ਦੇ ਕੈਗਿਸੋ ਰਬਾਡਾ ਨੂੰ ਡੈਥ ਓਵਰਾਂ ‘ਚ ਬਿਹਤਰੀਨ ਗੇਂਦਬਾਜ਼ ਦੱਸਿਆ ਹੈ। ਉਨ੍ਹਾਂ ਕਿਹਾ, ”ਕ੍ਰਿਕਟ ਬੱਲੇਬਾਜ਼ਾਂ ਦਾ ਖੇਡ ਹੈ, ਪਰ ਗੇਂਦਬਾਜ਼ ਪੂਰੇ ਮੈਚ ਨੂੰ ਬਦਲ ਸਕਦੇ ਹਨ।”