ਸਾਰੇ ਤਜਰਬਿਆਂ ਦੇ ਨਫ਼ੇ ਅਤੇ ਨੁਕਸਾਨ ਹੁੰਦੇ ਹਨ। ਅਸੀਂ ਉਨ੍ਹਾਂ ਨੂੰ ਜਿਊਂਦੇ ਹਾਂ, ਉਨ੍ਹਾਂ ਤੋਂ ਸਿੱਖਦੇ ਹਾਂ ਅਤੇ ਫ਼ਿਰ ਉਨ੍ਹਾਂ ਅਨੁਸਾਰ ਹੀ ਹਰਜਾਨਾ ਭਰਦੇ ਹਾਂ, ਪਰ ਨਵੀਆਂ ਚੀਜ਼ਾਂ ਖੋਜਣ ਦੀ ਸਾਡੇ ਕੋਲ ਕਦੇ ਵੀ ਥੋੜ੍ਹ ਨਹੀਂ ਹੁੰਦੀ। ਜੇਕਰ ਤੁਸੀਂ ਆਪਣੇ ਨਿੱਜੀ ਅਤੇ ਭਾਵਨਾਤਮਕ ਇਤਿਹਾਸ ਦੇ ਕੁਝ ਹਿੱਸਿਆਂ ਨੂੰ ਮੁੜ ਜੀ ਸਕਦੇ ਹੁੰਦੇ ਤਾਂ ਸ਼ਾਇਦ ਤੁਸੀਂ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਬਹੁਤ ਵੱਖਰੇ ਢੰਗ ਨਾਲ ਕਰਦੇ। ਜਿੰਨਾ ਤੁਸੀਂ ਡਰਦੇ ਸੀ, ਪਰ, ਉਸ ਤੋਂ ਬਹੁਤ ਹੀ ਘੱਟ ਗ਼ਲਤ ਹੋਇਆ ਹੈ। ਜ਼ਿੰਦਗੀ ਨੇ ਹਾਲ ਹੀ ਵਿੱਚ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਹੈ, ਉਸ ਨੂੰ ਹਮੇਸ਼ਾ ਆਪਣੇ ਨਾਲ ਰੱਖਿਓ। ਇਹ ਭਵਿੱਖ ਵਿੱਚ ਇੱਕ ਦਿਨ ਤੁਹਾਡੇ ਬਹੁਤ ਕੰਮ ਆਵੇਗੀ, ਪਰ ਇਸ ਦਾ ਇਸਤੇਮਾਲ ਤੁਸੀਂ ਕਿਸੇ ਵੀ ਤਰ੍ਹਾਂ ਅਤੀਤ ਨੂੰ ਬਦਲਣ ਲਈ ਨਹੀਂ ਕਰ ਸਕਦੇ। ਵੈਸੇ ਤੁਸੀਂ ਸੱਚਮੁੱਚ ਅਜਿਹਾ ਕਰਨਾ ਵੀ ਨਹੀਂ ਚਾਹੋਗੇ। ਛੇਤੀ, ਤੁਸੀਂ ਦੇਖੋਗੇ ਕਿਉਂ।

ਦੂਸਰਿਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਕਿ ਤੁਸੀਂ ਕਿੰਨੀ ਸਖ਼ਤ ਮਿਹਨਤ ਕਰਦੇ ਹੋ। ਕਿਸੇ ਛੋਟੇ ਤੋਂ ਛੋਟੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਤੁਹਾਡੇ ਵਲੋਂ ਕੀਤੀ ਗਈ ਕੋਸ਼ਿਸ਼ ਜਾਂ ਜਤਾਈ ਗਈ ਚਿੰਤਾ ਦੀ ਉਹ ਰੱਤੀ ਭਰ ਵੀ ਕਦਰ ਨਹੀਂ ਕਰਦੇ। ਤੁਸੀਂ ਇੱਕ ਆਦਰਸ਼ਵਾਦੀ ਵਿਅਕਤੀ ਹੋ, ਅਤੇ ਤੁਸੀਂ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕਿਸੇ ਸਥਿਤੀ ਜਾਂ ਵਿਅਕਤੀ ਦੀ ਬਿਹਤਰੀ ਲਈ ਆਪਣਾ ਸਭ ਕੁਝ ਸਮਰਪਿਤ ਕਰਨ ਵਿੱਚ ਕਿੰਨਾ ਜ਼ੋਰ ਲੱਗਦੈ। ਤੁਸੀਂ ਜਾਂ ਤਾਂ ਪੂਰਾ ਰਾਹ ਜਾ ਕੇ ਬੰਦੇ ਨੂੰ ਘਰ ਪਹੁੰਚਾ ਕੇ ਆਉਂਦੇ ਹੋ, ਅਤੇ ਉਹ ਵੀ ਆਪਣੇ ਪੂਰੇ ਦਿਲ ਨਾਲ, ਜਾਂ ਫ਼ਿਰ ਤੁਸੀਂ ਕਿਤੇ ਵੀ ਨਾ ਜਾਣਾ ਪਸੰਦ ਕਰਦੇ ਹੋ। ਕਈ ਵਾਰ ਇਹ ਸਭ ਕੁਝ ਤੁਹਾਡੇ ਖ਼ਿਲਾਫ਼ ਭੁਗਤਦਾ ਲੱਗਦੈ, ਪਰ ਇਹ ਇੱਕ ਅਜਿਹੀ ਆਦਤ ਹੈ ਜਿਹੜੀ ਤੁਹਾਨੂੰ ਬਹੁਤ ਵਧੀਆ ਨਤੀਜੇ ਦੇ ਸਕਦੀ ਹੈ। ਨਾਜ਼ੁਕ ਮਿਜ਼ਾਜ ਬੇਸ਼ੱਕ ਬਣੋ, ਪਰ ਦ੍ਰਿੜਤਾ ਦਾ ਪੱਲਾ ਹਰਗਿਜ਼ ਨਾ ਛੱਡੋ। ਤੁਸੀਂ ਹੈਰਾਨੀਜਨਕ ਹੱਦ ਤਕ ਸਫ਼ਲ ਹੋਵੋਗੇ।

ਅਸੀਂ ਸਾਰੇ ਇੰਝ ਐਕਟਿੰਗ ਕਰਦੇ ਹਾਂ ਜਿਵੇਂ ਅਸੀਂ ਸੰਤੁਲਿਤ ਹੋਈਏ। ਅਸਲ ਵਿੱਚ, ਪਰ, ਅਸੀਂ ਸਾਰੇ ਡਗਮਗਾਂਦੇ ਹਾਂ, ਲੜਖੜਾਂਦੇ ਹਾਂ, ਉਤਰਾਵਾਂ-ਚੜ੍ਹਾਵਾਂ ਸਨਮੁੱਖ ਝੱਕ ਜਾਂਦੇ ਹਾਂ। ਸਾਡੇ ਜ਼ਮੀਰ ਜਾਂ ਮਨ ‘ਤੇ ਮਾੜਾ ਜਿੰਨਾ ਵਾਧੂ ਭਾਰ ਪਿਆ ਨਹੀਂ ਕਿ ਅਸੀਂ ਆਪਣਾ ਤਵਾਜ਼ਨ ਗੁਆਇਆ ਨਹੀਂ। ਇਸ ਵਿੱਚ ਸਭ ਤੋਂ ਭੈੜੀ ਗੱਲ ਇਹ ਹੈ ਕਿ ਸਾਨੂੰ ਕਦੇ ਇਸ ਦਾ ਅਹਿਸਾਸ ਨਹੀਂ ਹੁੰਦਾ ਕਿ ਸਾਡੀ ਐਲਾਈਨਮੈਂਟ ਕਿੰਨੀ ਆਊਟ ਹੈ। ਅਸੀਂ ਸੋਚਦੇ ਹਾਂ ਕਿ ਅਸੀਂ ਠੀਕ ਠਾਕ ਹਾਂ ਜਦੋਂ ਕਿ ਅਸੀਂ ਠੀਕ ਤੋਂ ਕੋਹਾਂ ਦੂਰ ਹੁੰਦੇ ਹਾਂ। ਅਤੇ ਕਦੇ ਕਦੇ ਇਸ ਦੇ ਐਨ ਉਲਟ ਵੀ ਹੁੰਦਾ ਹੈ। ਤੁਸੀਂ ਇਸ ਬਾਰੇ ਵਿਚਾਰ ਕਰ ਸਕਦੇ ਹੋ ਕਿ ਆਪਣੀ ਮੌਜੂਦਾ ਸਥਿਤੀ ਬਾਰੇ ਤੁਹਾਨੂੰ ਕੀ ਪਸੰਦ ਹੈ ਅਤੇ ਚੀਜ਼ਾਂ ਕਿੱਥੇ ਖਲੋਤੀਆਂ ਹਨ, ਪਰ ਤੁਸੀਂ ਬਿਹਤਰੀਨ ਢੰਗ ਨਾਲ ਆਪਣੀ ਸਥਿਰਤਾ ਕਾਇਮ ਰੱਖੀ ਹੋਈ ਹੈ। ਅਤੇ ਛੇਤੀ ਹੀ ਤੁਸੀਂ ਕਿਸੇ ਖ਼ੁਸਗਵਾਰ ਸੰਤੁਲਨ ਦੇ ਬਹੁਤ ਲਾਗੇ ਪਹੁੰਚ ਜਾਓਗੇ।

ਇੱਕ ਕੈਮਰੇ ਵਾਂਗ ਕਿਸੇ ਵਿਅਕਤੀ ਜਾਂ ਚੀਜ਼ ‘ਤੇ ਕਸਵਾਂ ਫ਼ੋਕਸ ਕਰ ਕੇ ਤੁਹਾਨੂੰ ਇੱਕ ਸਥਿਤੀ, ਇੱਕ ਬੰਦੇ ਜਾਂ ਇੱਕ ਰਿਸ਼ਤੇ ਦੀ ਸਪੱਸ਼ਟ ਤਸਵੀਰ ਨਜ਼ਰ ਆ ਰਹੀ ਹੈ। ਇਸ ਸਬੰਧ ਵਿੱਚ ਤੁਸੀਂ ਉਹ ਸਭ ਕੁਝ ਦੇਖ ਸਕਦੇ ਹੋ ਜੋ ਤੁਹਾਨੂੰ ਦੇਖਣ ਦੀ ਲੋੜ ਹੈ, ਅਤੇ ਸ਼ਾਇਦ ਉਸ ਤੋਂ ਕੁਝ ਵੱਧ ਵੀ। ਉਸ ਦੀ ਪਿੱਠਭੂਮੀ, ਪਰ, ਥੋੜ੍ਹੀ ਧੁੰਦਲੀ ਜ਼ਰੂਰ ਹੈ। ਇਹ ਇੰਨੀ ਚੰਗੀ ਗੱਲ ਨਹੀਂ। ਮੁਕੰਮਲ ਤਸਵੀਰ ਦੇ ਕਈ ਅਜਿਹੇ ਪਹਿਲੂ ਹਨ ਜਿਹੜੇ ਬਿਲਕੁਲ ਵੀ ਅਸੰਗਤ ਨਹੀਂ ਕਹੇ ਜਾ ਸਕਦੇ। ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਢੱਕ ਕੇ ਤੁਸੀਂ ਉਸ ਜਾਣਕਾਰੀ ਨੂੰ ਦਰਕਿਨਾਰ ਕਰ ਰਹੇ ਹੋ ਜਿਸ ਪ੍ਰਤੀ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਆਪਣੇ ਆਪ ਨੂੰ ਸਥਿਤੀ ਤੋਂ ਥੋੜ੍ਹਾ ਪਿੱਛੇ ਖਿੱਚੋ। ਦੇਖੋ ਆਲੇ ਦੁਆਲੇ ਹੋਰ ਕੀ ਕੁਝ ਵਾਪਰ ਰਿਹੈ। ਸਫ਼ਲਤਾ ਲਈ ਸੰਤੁਲਿਤ ਨਜ਼ਰੀਆ ਰੱਖ ਸਕਣ ਦੀ ਕਾਬਲੀਤ ਦੀ ਲੋੜ ਪੈਂਦੀ ਹੈ।

ਤੁਸੀਂ ਮੁਸ਼ਕਿਲਾਂ ਤੋਂ ਨਹੀਂ ਘਬਰਾਉਂਦੇ, ਪਰ ਕਈ ਵਾਰ ਤੁਸੀਂ ਸੌਖ ਤੋਂ ਕਾਹਲੇ ਪੈ ਜਾਂਦੇ ਹੋ। ਕਿਉਂਕਿ ਤੁਸੀਂ ਜਨਮ ਤੋਂ ਹੀ ਸੰਕਟਾਂ ਨਾਲ ਨਜਿੱਠਣ ਦੀ ਕਾਬਲੀਅਤ ਨਾਲ ਨਿਵਾਜੇ ਗਏ ਸੀ, ਤਨਾਅ ਦੇ ਵੇਲਿਆਂ ਵਿੱਚ ਤੁਹਾਡਾ ਰੰਗ-ਢੰਗ ਦੇਖਣ ਵਾਲਾ ਹੁੰਦਾ ਹੈ। ਤੁਸੀਂ ਮੌਕਾ ਸੰਭਾਲਣਾ ਜਾਣਦੇ ਹੋ। ਤੁਸੀਂ ਸਾਨ੍ਹ ਨੂੰ ਸਿੰਗਾਂ ਤੋਂ ਫ਼ੜ ਲੈਂਦੇ ਹੋ। ਪਰ ਜੇ ਉਸ ਸਾਨ੍ਹ ਦੇ ਸਿੰਗ ਹੀ ਨਾ ਹੋਏ ਤਾਂ ਫ਼ਿਰ ਤੁਸੀਂ ਕੀ ਕਰੋਗੇ? ਜੇਕਰ ਉਹ ਅਸਲ ਵਿੱਚ ਦੁੱਧ ਦੇਣ ਵਾਲੀ ਇੱਕ ਗਾਂ ਹੋਈ ਤਾਂ? ਜੇਕਰ ਵਕਤ ਤੁਹਾਨੂੰ ਕਿਸੇ ਚੁਣੌਤੀ ਦੀ ਬਜਾਏ ਇੱਕ ਮੌਕਾ ਪ੍ਰਦਾਨ ਕਰ ਰਿਹਾ ਹੋਇਆ ਤਾਂ? ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ, ਪਰ, ਇਹ ਵੇਲਾ ਹੈ ਸਭ ਤੋਂ ਘੱਟ ਵਿਰੋਧ ਦਾ ਰਸਤਾ ਚੁਣਨ ਦਾ। ਆਸਾਨ ਤੋਂ ਆਸਾਨ ਯੋਜਨਾ ਦੀ ਪਾਲਣਾ ਕਰੋ।