ਸਿਡਨੀ— ਭਾਰਤ ਦੀ ਦੂਜੀ ਸਭ ਤੋਂ ਉੱਚੀ ਚੋਟੀ ਨੰਦਾ ਦੇਵੀ ਨੂੰ ਪਾਰ ਕਰਦੇ ਸਮੇਂ ਭਾਰੀ ਬਰਫਬਾਰੀ ਕਾਰਨ 8 ਪਰਬਤਾਰੋਹੀ ਲਾਪਤਾ ਹੋ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ‘ਚ ਇਕ ਆਸਟ੍ਰੇਲੀਅਨ ਔਰਤ ਵੀ ਸ਼ਾਮਲ ਹੈ। ਇਸ ਗਰੁੱਪ ‘ਚ ਬਰਤਾਨੀਆ, ਆਸਟ੍ਰੇਲੀਆ, ਅਮਰੀਕਾ ਦੇ ਪਰਬਤਾਰੋਹੀਆਂ ਸਮੇਤ ਇਕ ਭਾਰਤੀ ਗਾਈਡ ਸ਼ਾਮਲ ਹੈ । ਲਾਪਤਾ ਲੋਕਾਂ ਦੀ ਪਛਾਣ ਜੌਨ ਮੈਕਲਾਰੋਨ(ਬ੍ਰਿਟੇਨ), ਰੂਪਟਰ ਵੇਵੇਲ (ਬ੍ਰਿਟੇਨ), ਰਿਚਰਡ ਪਿਆਨੇ (ਬ੍ਰਿਟੇਨ), ਰਥ ਮੈਕਕੇਨ (ਆਸਟ੍ਰੇਲੀਆ), ਐਂਥੋਨੀ ਸੁਡੇਕੁਮ (ਅਮਰੀਕਾ), ਰਾਨਾਲਡ ਬੇਮੇਲ (ਅਮਰੀਕਾ) ਅਤੇ ਚੇਤਨ ਪਾਂਡੇ (ਭਾਰਤ) ਵਜੋਂ ਕੀਤੀ ਗਈ ਹੈ।
ਇਸ ਗਰੁੱਪ ਨੇ 25 ਮਈ ਨੂੰ ਨੰਦਾ ਦੇਵੀ ਚੋਟੀ ਦੀ ਮੁਹਿੰਮ ਨੂੰ ਪੂਰਾ ਕਰਕੇ ਵਾਪਸ ਆਪਣੇ ਕੈਂਪ ‘ਚ ਆਉਣਾ ਸੀ ਪਰ ਜਦ ਉਹ ਨਾ ਪੁੱਜੇ ਤਾਂ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿਥੌਰਾਗੜ੍ਹ ਜ਼ਿਲਾ ਪ੍ਰਸ਼ਾਸਨ ਤੁਰੰਤ ਹਰਕਤ ‘ਚ ਆ ਗਿਆ। ਜ਼ਿਲਾ ਪ੍ਰਸ਼ਾਸਨ ਵਲੋਂ ਮੁਨਸਿਆਰੀ ਤੋਂ ਭਾਰਤ-ਤਿੱਬਤ ਸਰਹੱਦ ਪੁਲਸ ਦੇ ਇਕ ਦਲ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ ਹੈ, ਜਿਸ ‘ਚ 10 ਮੈਂਬਰ ਹਨ। ਸਰਕਾਰ ਵਲੋਂ ਹੈਲੀਕਾਪਟਰ ਦੀ ਮਦਦ ਨਾਲ ਖੋਜ ਕੀਤੀ ਜਾ ਰਹੀ ਹੈ।
ਲੋਕਲ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਇਦ ਤੂਫਾਨ ਕਾਰਨ ਉਹ ਰਸਤਾ ਭਟਕ ਗਏ ਹੋਣ। ਅਧਿਕਾਰੀਆਂ ਨੇ ਦੱਸਿਆ ਕਿ 12 ਵਿਅਕਤੀਆਂ ਦਾ ਗਰੁੱਪ ਪਹਾੜ ‘ਤੇ ਚੜ੍ਹਿਆ ਸੀ। ਉਨ੍ਹਾਂ ‘ਚੋਂ 4 ਵਿਅਕਤੀ ਤਾਂ ਵਾਪਸ ਆ ਗਏ ਪਰ ਬਾਕੀ 8 ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਵਿਦੇਸ਼ੀ ਮਾਮਲਿਆਂ ਦੇ ਵਿਭਾਗ ਵਲੋਂ ਇਸ ਮਾਮਲੇ ‘ਤੇ ਜਾਂਚ ਕੀਤੀ ਜਾ ਰਹੀ ਹੈ।