ਚੰਡੀਗੜ੍ਹ : ਕੋਟਕਪੂਰਾ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਨਹੀਂ ਹਨ। ਇਨ੍ਹਾਂ 4 ਐੱਸ. ਆਈ. ਟੀ. ਮੈਂਬਰਾਂ ਨੇ ਕੁੰਵਰ ਵਲੋਂ ਅਦਾਲਤ ‘ਚ ਪੇਸ਼ ਕੀਤੇ ਚਲਾਨ ‘ਤੇ ਸਵਾਲ ਚੁੱਕੇ ਹਨ। ਐੱਸ. ਆਈ. ਟੀ. ਦੇ ਮੁਖੀ ਪ੍ਰਬੋਧ ਕੁਮਾਰ ਤੇ ਹੋਰ ਮੈਂਬਰਾਂ ਨੇ ਖੁਦ ਨੂੰ ਇਸ ਤੋਂ ਵੱਖ ਕਰ ਲਿਆ ਹੈ। ਪ੍ਰਬੋਧ ਕੁਮਾਰ ਨੇ ਡੀ. ਜੀ. ਪੀ. ਨੂੰ ਚਿੱਠੀ ਲਿਖ ਕੇ ਸਾਫ ਤੌਰ ‘ਤੇ ਕਿਹਾ ਹੈ ਕਿ ਚਾਲਾਨ ਤਿਆਰ ਕਰਦੇ ਸਮੇਂ ਐੱਸ. ਆਈ. ਟੀ. ਦੇ ਮੈਂਬਰਾਂ ਨੂੰ ਭਰੋਸੇ ‘ਚ ਨਹੀਂ ਲਿਆ ਗਿਆ ਸੀ।
ਇਨ੍ਹਾਂ ਮੈਂਬਰਾਂ ਦਾ ਕਹਿਣਾ ਹੈ ਕਿ ਕੁੰਵਰ ਨੇ ਚਾਲਾਨ ‘ਤੇ ਉਸ ਸਮੇਂ ਸਾਈਨ ਕੀਤੇ, ਜਦੋਂ ਉਹ ਐੱਸ. ਆਈ. ਟੀ. ਦੇ ਮੈਂਬਰ ਨਹੀਂ ਸਨ ਅਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਵਲੋਂ ਹਟਾ ਦਿੱਤਾ ਗਿਆ ਸੀ। ਪ੍ਰਬੋਧ ਕੁਮਾਰ ਨੇ ਚਿੱਠੀ ‘ਚ ਲਿਖਿਆ ਹੈ ਕਿ ਜੇਕਰ ਸਰਕਾਰ ਇਸ ਕੇਸ ਨੂੰ ਅਦਾਲਤ ‘ਚ ਹਾਰਦੀ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ।
23 ਮਈ ਨੂੰ ਕੀਤੇ ਸੀ ਸਾਈਨ
5 ਅਪ੍ਰੈਲ, 2019 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ‘ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਚੋਣ ਕਮਿਸ਼ਨ ਨੇ ਐੱਸ. ਆਈ. ਟੀ. ‘ਚੋਂ ਬਾਹਰ ਕਰ ਦਿੱਤਾ ਸੀ। ਇਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚੋਣਾਂ ਖਤਮ ਹੁੰਦੇ ਹੀ ਕੁੰਵਰ ਨੂੰ ਦੁਬਾਰਾ ਐੱਸ. ਆਈ. ਟੀ. ‘ਚ ਸ਼ਾਮਲ ਕੀਤਾ ਜਾਵੇਗਾ। 27 ਮਈ, 2019 ਨੂੰ ਚੋਣ ਜ਼ਾਬਤਾ ਖਤਮ ਹੁੰਦੇ ਹੀ ਦੁਬਾਰਾ ਕੁੰਵਰ ਨੂੰ ਐੱਸ. ਆਈ. ਟੀ. ‘ਚ ਸ਼ਾਮਲ ਕਰਨ ਦੇ ਹੁਕਮ ਦਿੱਤੇ ਗਏ ਸਨ। ਉਂਝ ਕੁੰਵਰ ਨੇ ਐੱਸ. ਆਈ. ਟੀ. ‘ਚ ਸ਼ਾਮਲ ਹੁੰਦੇ ਹੀ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ ਪਰ ਜਦੋਂ ਚਾਰਜਸ਼ੀਟ ਸਾਹਮਣੇ ਆਈ ਤਾਂ ਵੱਡਾ ਖੁਲਾਸਾ ਹੋਇਆ ਕਿ ਕੁੰਵਰ ਐੱਸ. ਆਈ. ਟੀ. ‘ਚੋਂ ਹਟਾਏ ਜਾਣ ਤੋਂ ਬਾਅਦ ਵੀ ਕੰਮ ਕਰਦੇ ਰਹੇ ਅਤੇ 23 ਮਈ ਨੂੰ ਜਿਸ ਦਿਨ ਵੋਟਾਂ ਦੀ ਗਿਣਤੀ ਹੋ ਰਹੀ ਸੀ, ਉਸ ਦਿਨ ਉਨ੍ਹਾਂ ਨੇ ਚਾਰਜਸ਼ੀਟ ‘ਤੇ ਸਾਈਨ ਕੀਤੇ। ਇਹ ਵੀ ਖੁਲਾਸਾ ਹੋਇਆ ਹੈ ਕਿ ਜਿਨ੍ਹਾਂ ਦਿਨਾਂ ‘ਚ ਕੁੰਵਰ ਨੂੰ ਹਟਾਇਆ ਗਿਆ ਸੀ, ਉਨ੍ਹਾਂ ਦਿਨਾਂ ‘ਚੇ 3 ਕੇਸ ਡਾਇਰੀਆਂ ਵੀ ਲਿਖੀਆਂ ਗਈਆਂ ਹਨ।