ਦੇਹਰਾਦੂਨ/ਚਮੋਲੀ-ਉੱਤਰਾਖੰਡ ਦੀਆਂ ਬਰਫ ਨਾਲ ਲੱਦੇ ਪਹਾੜਾਂ ‘ਚ ਸਥਿਤ ਸਿੱਖਾਂ ਦੇ ਪਵਿੱਤਰ ਕੀਰਤ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਭਾਵ ਸ਼ਨੀਵਾਰ ਸ਼ਬਦ ਕੀਰਤਨ ਨਾਲ ਖੋਲ ਦਿੱਤੇ ਗਏ। ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਦੇ ਵੀ ਵੈਦਿਕ ਮੰਤਰਾ ਦੇ ਉਚਾਰਨ ਨਾਲ ਖੋਲ੍ਹ ਦਿੱਤੇ ਗਏ।
ਗੋਬਿੰਦ ਘਾਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਨੇਜਰ ਸੇਵਾ ਸਿੰਘ ਨੇ ਯੂ.ਐੱਨ.ਆਈ. ਨੂੰ ਦੱਸਿਆ ਕਿ ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਭਾਵ ਸ਼ਨੀਵਾਰ ਸਵੇਰੇ ਕਾਂਗਰੀਆ ਤੋਂ ਚੱਲ ਕੇ ਸ਼੍ਰੀ ਹੇਮਕੁੰਟ ਸਾਹਿਬ ਪੁੱਜਾ। ਸਵੇਰੇ ਲਗਭਗ 9 ਵਜੇ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹ ਦਿੱਤੇ ਗਏ। ਉਸ ਤੋਂ ਬਾਅਦ 9 ਵਜ ਕੇ 15 ਮਿੰਟ ‘ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। 10 ਵਜੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋਇਆ। 11 ਵਜੇ ਸ਼ਬਦ ਕੀਰਤਨ ਸ਼ੁਰੂ ਹੋਏ ਅਤੇ ਬਾਅਦ ਦੁਪਹਿਰ 12.30 ਵਜੇ ਪਹਿਲੀ ਅਰਦਾਸ ਕੀਤੀ ਗਈ। ਉਸਤੋਂ ਬਾਅਦ 12 ਵਜ ਕੇ 45 ਮਿੰਟ ‘ਤੇ ਹੁਕਮਨਾਮਾ ਲਿਆ ਗਿਆ।
ਉਕਤ ਪਵਿੱਤਰ ਪ੍ਰੋਗਰਾਮ ਦੌਰਾਨ 8 ਹਜ਼ਾਰ ਤੋਂ ਵੱਧ ਸ਼ਰਧਾਲੂ ਪੁੱਜੇ। ਡਿਵੀਜ਼ਨਲ ਕਮਿਸ਼ਨਰ ਵੀ. ਵੀ. ਆਰ. ਸੀ. ਪੁਰਸ਼ੋਤਮ ਨੇ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਤਿਆਰੀਆਂ ਸਬੰਧੀ ਦੱਸਿਆ ਕਿ ਇਸ ਵਾਰ ਭਾਰੀ ਬਰਫਬਾਰੀ ਹੋਣ ਕਾਰਨ ਪੈਦਲ ਜਾਣ ਵਾਲੇ ਰਾਹ ‘ਤੇ ਵੀ ਬਰਫ ਜੰਮੀ ਰਹੀ। ਇਸ ਦੇ ਬਾਵਜੂਦ ਫੌਜ ਦੇ ਜਵਾਨਾਂ ਨੇ ਬਰਫ ਹਟਾ ਕੇ ਰਾਹ ਸਾਫ ਕੀਤਾ।