ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਰਟੀ ਦੇ ਹਰ ਵਰਕਰ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਉਹ ਸੰਵਿਧਾਨ ਅਤੇ ਦੇਸ਼ ਦੇ ਹਰ ਨਾਗਰਿਕ ਲਈ ਲੜ ਰਿਹਾ ਹੈ। ਗਾਂਧੀ ਇੱਥੇ ਪਾਰਟੀ ਦੇ ਸੰਸਦੀ ਦਲ ਦੀ ਬੈਠਕ ‘ਚ ਬੋਲ ਰਹੇ ਸਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਅਨੁਸਾਰ ਗਾਂਧੀ ਨੇ ਕਿਹਾ,”ਕਾਂਗਰਸ ਦੇ ਹਰ ਵਰਕਰ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਤੁਸੀਂ ਸੰਵਿਧਾਨ ਲਈ ਲੜ ਰਹੇ ਹਨ, ਤੁਸੀਂ ਦੇਸ਼ ਦੇ ਹਰ ਵਿਅਕਤੀ ਲਈ ਲੜ ਰਹੇ ਹੋ ਭਾਵੇਂ ਉਹ ਕਿਸੇ ਵੀ ਰੰਗ ਜਾਂ ਆਸਥਾ ਦਾ ਹੋਵੇ।”
ਕਾਂਗਰਸ ਪ੍ਰਧਾਨ ਨੇ ਲੋਕ ਸਭਾ ਚੋਣਾਂ ‘ਚ ਮਿਹਨਤ ਲਈ ਪਾਰਟੀ ਵਰਕਰਾਂ ਦਾ ਆਭਾਰ ਪ੍ਰਗਟ ਕੀਤਾ। 25 ਮਈ ਨੂੰ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ ‘ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫੇ ਦੀ ਪੇਸ਼ਕਸ਼ ਕਰਨ ਤੋਂ ਬਾਅਦ ਗਾਂਧੀ ਪਹਿਲੀ ਵਾਰ ਪਾਰਟੀ ਦੀ ਕਿਸੇ ਬੈਠਕ ‘ਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਕਾਂਗਰਸ ਸੰਸਦੀ ਦਲ ਦੀ ਬੈਠਕ ‘ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਸ਼ਨੀਵਾਰ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ।