ਲਖਨਊ — ਨਹਿਰੂ ਪਰਿਵਾਰ ਦੇ ਗੜ੍ਹ ਮਨੇ ਜਾਂਦੇ ਅਮੇਠੀ ਲੋਕ ਸਭਾ ਖੇਤਰ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਗੱਲ ‘ਤੇ ਹੈਰਾਨੀ ਜ਼ਾਹਰ ਕਰਦੇ ਹੋਏ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਕਿਹਾ ਕਿ ਰਾਹੁਲ ਨੇ ਅਮੇਠੀ ਨੂੰ ਆਪਣਾ ਪਰਿਵਾਰ ਮੰਨਿਆ ਪਰ ਘਰ ਵਾਲਿਆਂ ਨੇ ਹੀ ਉਨ੍ਹਾਂ ਵਿਰੁੱਧ ਫੈਸਲਾ ਦੇ ਦਿੱਤਾ, ਜਿਸ ਦਾ ਸਾਨੂੰ ਅਫਸੋਸ ਹੈ। ਰਾਜ ਬੱਬਰ ਨੇ ਕਿਹਾ ਕਿ ਰਾਹੁਲ ਜੀ ਨੇ ਅਮੇਠੀ ਨੂੰ ਲੋਕ ਸਭਾ ਖੇਤਰ ਵਾਂਗ ਨਹੀਂ ਸਗੋਂ ਆਪਣੇ ਪਰਿਵਾਰ ਵਾਂਗ ਦੇਖਿਆ। ਰਾਹੁਲ ਜੀ ਦੇ ਦਿਲ ‘ਚ ਇਹ ਦਰਦ ਹਮੇਸ਼ਾ ਰਹੇਗਾ ਕਿ ਉਨ੍ਹਾਂ ਨੇ ਅਮੇਠੀ ਨੂੰ ਪਰਿਵਾਰ ਸਮਝਿਆ, ਉਸੇ ਪਰਿਵਾਰ ਨੇ ਉਨ੍ਹਾਂ ਨੂੰ ਆਪਣੇ ਇੱਥੇ ਨਹੀਂ ਆਉਣ ਦਿੱਤਾ।
ਹਾਲ ਹੀ ‘ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਬੁਰੀ ਹਾਰ ‘ਤੇ ਬੋਲਦੇ ਹੋਏ ਰਾਜ ਬੱਬਰ ਨੇ ਕਿਹਾ ਕਿ ਪਾਰਟੀ ਸ਼ਾਇਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਮਿਹਨਤ ਦਾ ਫਾਇਦਾ ਚੁੱਕਣ ਵਿਚ ਨਾਕਾਮ ਰਹੀ। ਰਾਹੁਲ ਅਤੇ ਪ੍ਰਿਅੰਕਾ ਜੋ ਕਰ ਸਕਦੇ ਸਨ, ਉਹ ਕੀਤਾ ਪਰ ਅਸੀਂ ਫਰਜ਼ ਦੀ ਕਸੌਟੀ ‘ਤੇ ਖਰ੍ਹੇ ਨਹੀਂ ਉਤਰ ਸਕੇ। ਇਹ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਜੇਤੂ 52 ਸੰਸਦ ਮੈਂਬਰ ਆਖਿਰ ਕਿਵੇਂ ਜਿੱਤੇ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੌਕਾ ਮਿਲੇਗਾ ਤਾਂ ਉਹ ਉਨ੍ਹਾਂ ਸਾਰੇ ਜਿੱਤੇ ਹੋਏ ਕਾਂਗਰਸ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨੇ ਕੀ ਰਣਨੀਤੀ ਅਪਣਾਈ ਸੀ।