ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਦੇ ਬਹੁਚਰਚਿਤ ਸ਼ੈਲਟਰ ਹੋਮ ਕਾਂਡ ‘ਚ ਕਤਲ ਦੇ ਪਹਿਲੂ ਸਮੇਤ ਸਾਰੀ ਜਾਂਚ ਤਿੰਨ ਮਹੀਨਿਆਂ ਦੇ ਅੰਦਰ ਪੂਰੀ ਕਰਨ ਦਾ ਕੇਂਦਰੀ ਜਾਂਚ ਬਿਊਰੋ ਨੂੰ ਸੋਮਵਾਰ ਨੂੰ ਨਿਰਦੇਸ਼ ਦਿੱਤਾ। ਜੱਜ ਇੰਦੂ ਮਲਹੋਤਰਾ ਅਤੇ ਜੱਜ ਐੱਮ.ਆਰ. ਸ਼ਾਹ ਦੀ ਬੈਂਚ ਨੇ ਸੀ.ਬੀ.ਆਈ. ਨੂੰ ਇਸ ਸ਼ੈਲਟਰ ‘ਚ ਗੈਰ-ਕੁਦਰਤੀ ਸ਼ੋਸ਼ਣ ਦੇ ਦੋਸ਼ਾਂ ਦੀ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 377 ਦੇ ਅਧੀਨ ਅਤੇ ਲੜਕੀਆਂ ਨਾਲ ਹਿੰਸਾ ਦੇ ਵੀਡੀਓ ਦੀ ਰਿਕਾਰਡਿੰਗ ਦੀ ਵੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੈਂਚ ਨੇ ਇਨ੍ਹਾਂ ਘਟਨਾਵਾਂ ‘ਚ ਬਾਹਰੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਦਾ ਨਿਰਦੇਸ਼ ਦਿੱਤਾ ਹੈ, ਜੋ ਇਸ ‘ਚ ਸ਼ਾਮਲ ਸਨ ਅਤੇ ਜਿਨ੍ਹਾਂ ਨੇ ਇਸ ‘ਚ ਰਹਿਣ ਵਾਲੀਆਂ ਲੜਕੀਆਂ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਨ੍ਹਾਂ ਨਾਲ ਯੌਨ ਹਿੰਸਾ ‘ਚ ਸਹਿਯੋਗ ਕੀਤਾ। ਸੁਪਰੀਮ ਕੋਰਟ ਨੇ ਜਾਂਚ ਏਜੰਸੀ ਨੂੰ ਕਿਹਾ ਕਿ ਉਹ ਤਿੰਨ ਮਹੀਨਿਆਂ ‘ਚ ਜਾਂਚ ਪੂਰੀ ਕਰ ਕੇ ਆਪਣੀ ਰਿਪੋਰਟ ਉਸ ਦੇ ਸਾਹਮਣੇ ਪੇਸ਼ ਕਰਨ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸੇਜ਼ ਦੀ ਇਕ ਰਿਪੋਰਟ ਤੋਂ ਬਾਅਦ ਮੁਜ਼ੱਫਰਪੁਰ ‘ਚ ਇਕ ਗੈਰ-ਸਰਕਾਰੀ ਸੰਸਥਾ ਵਲੋਂ ਸੰਚਾਲਤ ਇਕ ਸ਼ੈਲਟਰ ਹੋਮ ‘ਚ ਕਈ ਲੜਕੀਆਂ ਦੇ ਯੌਨ ਸ਼ੋਸ਼ਣ ਅਤੇ ਉਨ੍ਹਾਂ ਨਾਲ ਰੇਪ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।
ਕੋਰਟ ਨੇ ਇਸ ਤੋਂ ਪਹਿਲਾਂ ਸੀ.ਬੀ.ਆਈ. ਨੂੰ ਇਸ ਸ਼ੈਲਟਰ ਹੋਮ ‘ਚ 11 ਲੜਕੀਆਂ ਦੇ ਕਤਲ ਦੇ ਮਾਮਲੇ ਦੀ ਜਾਂਚ 3 ਜੂਨ ਤੱਕ ਪੂਰੀ ਕਰਨ ਅਤੇ ਸਥਿਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਾਂਚ ਏਜੰਸੀ ਨੇ ਕੋਰਟ ਨੂੰ ਕਿਹਾ ਸੀ ਕਿ ਕਤਲ ਦੇ ਪਹਿਲੂ ਦੀ ਜਾਂਚ ਪੂਰੀ ਕਰਨ ਲਈ ਉਸ ਨੂੰ ਦਿੱਤਾ ਗਿਆ 2 ਹਫਤਿਆਂ ਦਾ ਸਮਾਂ ਪੂਰਾ ਨਹੀਂ ਹੈ। ਜਾਂਚ ਬਿਊਰੋ ਨੇ ਕਿਹਾ ਕਿ 11 ਲੜਕੀਆਂ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਦੇ ਹਲਫਨਾਮੇ ਅਨੁਸਾਰ 35 ਲੜਕੀਆਂ ਦੇ ਨਾਂ ਇਕ ਸਾਮਾਨ ਸਨ, ਜੋ ਕਿਸੇ ਨਾ ਕਿਸੇ ਸਮੇਂ ਸ਼ੈਲਟਰ ਹੋਮ ‘ਚ ਰਹੀਆਂ ਸਨ। ਜਾਂਚ ਏਜੰਸੀ ਨੇ ਇਹ ਵੀ ਕਿਹਾ ਸੀ ਕਿ ਮੁਜ਼ੱਫਰਪੁਰ ‘ਚ ਇਕ ਸ਼ਮਸ਼ਾਨ ਭੂਮੀ ਤੋਂ ਉਸ ਨੇ ਹੱਡੀਆਂ ਦੀ ਪੋਟਲੀ ਬਰਾਮਦ ਕੀਤੀ ਹੈ। ਮੁਜ਼ੱਫਰਪੁਰ ਸ਼ੈਲਟਰ ਹੋਮ ਦੀ ਜਾਂਚ ਸੁਪਰੀਮ ਕੋਰਟ ਨੇ ਸੀ.ਬੀ. ਆਈ. ਨੂੰ ਸੌਂਪੀ ਸੀ। ਜਾਂਚ ਬਿਊਰੋ ਨੇ ਇਸ ਮਾਮਲੇ ‘ਚ ਬ੍ਰਜੇਸ਼ ਠਾਕੁਰ ਸਮੇਤ 21 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਹੈ। ਸੁਪਰੀਮ ਕੋਰਟ ਨੇ ਇਸ ਸਾਲ ਫਰਵਰੀ ‘ਚ ਇਸ ਮਾਮਲੇ ਨੂੰ ਬਿਹਾਰ ਦੀ ਕੋਰਟ ਤੋਂ ਦਿੱਲੀ ਦੇ ਸਾਕੇਤ ਜ਼ਿਲਾ ਕੋਰਟ ‘ਚ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ ਦੇ ਅਧੀਨ ਕਾਰਵਾਈ ਕਰਨ ਵਾਲੀ ਕੋਰਟ ‘ਚ ਟਰਾਂਸਫਰ ਕਰ ਦਿੱਤਾ ਸੀ।