ਨਵੀਂ ਦਿੱਲੀ— ਐੱਨ.ਡੀ.ਏ. ਦੀ ਪਿਛਲੀ ਸਰਕਾਰ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਰਹੇ ਅਜੀਤ ਡੋਭਾਲ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਭਰੋਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੂੰ ਮੁੜ ਅਗਲੇ 5 ਸਾਲਾਂ ਲਈ ਐੱਨ.ਐੱਸ.ਏ. ਨਿਯੁਕਤ ਕਰ ਦਿੱਤਾ ਗਿਆ ਹੈ। ਐਕਸਟੈਨਸ਼ਨ ਤੋਂ ਇਲਾਵਾ ਡੋਭਾਲ ਦਾ ਪ੍ਰਮੋਸ਼ਨ ਵੀ ਕੀਤਾ ਗਿਆ ਹੈ। ਰਾਸ਼ਟਰੀ ਸੁਰੱਖਿਆ ‘ਚ ਯੋਗਦਾਨ ਨੂੰ ਦੇਖਦੇ ਹੋਏ ਡੋਭਾਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਦਿੱਤਾ ਗਿਆ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ ‘ਤੇ ਡੋਭਾਲ ਦਾ ਕੱਦ ਹੁਣ ਇਕ ਕੈਬਨਿਟ ਮੰਤਰੀ ਦੇ ਬਰਾਬਰ ਹੋਵੇਗਾ। ਡੋਭਾਲ ਦਾ ਫਿਰ ਤੋਂ ਐੱਨ.ਐੱਸ.ਏ. ਬਣਨਾ ਦੱਸਦਾ ਹੈ ਕਿ ਮੋਦੀ ਦੇ ਨਾਲ-ਨਾਲ ਨਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟ ਹਨ।
ਇਸ ਤੋਂ ਪਹਿਲਾਂ ਸੋਮਵਾਰ ਦੀ ਸਵੇਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਨ.ਐੱਸ.ਏ. ਅਜੀਤ ਡੋਭਾਲ ਨਾਲ ਬੈਠਕ ਕਰ ਕੇ ਅੰਦਰੂਨੀ ਸੁਰੱਖਿਆ ਦਾ ਜਾਇਜ਼ਾ ਲਿਆ। ਬੈਠਕ ‘ਚ ਆਈ.ਬੀ. ਚੀਫ ਰਾਜੀਵ ਜੈਨ, ਗ੍ਰਹਿ ਸਕੱਤਰ ਰਾਜੀਵ ਗਾਵਾ ਵੀ ਮੌਜੂਦ ਸਨ। ਗ੍ਰਹਿ ਮੰਤਰੀ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਸਥਿਤੀ ਤੋਂ ਜਾਣੂੰ ਕਰਵਾਇਆ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ, ਖਾਸ ਤੌਰ ‘ਤੇ ਸਰਹੱਦੀ ਇਲਾਕਿਆਂ ‘ਚ ਸੁਰੱਖਿਆ ਦੀ ਸਥਿਤੀ ਦੀ ਜਾਣਕਾਰੀ ਵੀ ਲਈ।