ਜੈਕਲੀਨ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਇਨਸਟਾਗ੍ਰੈਮ ਫ਼ੈਨਜ਼ ਨਾਲ ਬਹੁਤ ਪਿਆਰ ਹੈ, ਪਰ ਜਦੋਂ ਕੋਈ ਕੁੱਝ ਗ਼ਲਤ ਆਖਦਾ ਹੈ ਤਾਂ ਉਹ ਬੇਹੱਦ ਉਦਾਸ ਹੋ ਜਾਂਦੀ ਹੈ …
ਜੈਕਲੀਨ ਫ਼ਰਨਾਂਡੀਜ਼ ਦਾ ਕਹਿਣਾ ਹੈ ਕਿ ਉਹ ਇੱਕ ਸੰਵੇਦਨਸ਼ੀਲ ਇਨਸਾਨ ਹੈ, ਅਤੇ ਸੋਸ਼ਲ ਮੀਡੀਆ ‘ਤੇ ਨਕਾਰਾਤਮਕ ਟਿੱਪਣੀਆਂ ਉਸ ਨੂੰ ਬੇਹੱਦ ਪ੍ਰਭਾਵਿਤ ਕਰਦੀਆਂ ਹਨ। ਅਭਿਨੇਤਰੀ ਨੇਹਾ ਧੂਪੀਆ ਦੇ ਸ਼ੋਅ BSF ਵਿਦ ਵੋਗ ਸੀਜ਼ਨ 3 ‘ਚ ਅਦਾਕਾਰ ਕਾਰਤਿਕ ਆਰਿਅਨ ਨਾਲ ਆਈ ਜੈਕਲੀਨ ਨੇ ਇਨ੍ਹਾਂ ਟਿੱਪਣੀਆਂ ਬਾਰੇ ਗੱਲਬਾਤ ਕੀਤੀ। ਜੈਕਲੀਨ ਨੇ ਕਿਹਾ, ”ਮੈਨੂੰ ਆਪਣੇ ਇਨਸਟਾਗ੍ਰੈਮ ਫ਼ੈਨਜ਼ ਨਾਲ ਬਹੁਤ ਪਿਆਰ ਹੈ, ਪਰ ਜੇ ਉਨ੍ਹਾਂ ‘ਚੋਂ ਕੋਈ ਇੱਕ ਵੀ ਮੈਨੂੰ ਕੁੱਝ ਗ਼ਲਤ ਆਖਦਾ ਹੈ ਤਾਂ ਮੈਂ ਸੋਚਦੀ ਹਾਂ ਕਿ ਉਸ ਨੇ ਇਸ ਤਰ੍ਹਾਂ ਕਿਉਂ ਕਿਹਾ।”
ਜਦ ਸ਼ੋਅ ਦੀ ਹੋਸਟ ਨੇਹਾ ਧੂਪੀਆ ਨੇ ਜੈਕਲੀਨ ਤੋਂ ਪੁੱਛਿਆ ਕਿ ਕੀ ਇਹ ਸਾਰੀਆਂ ਚੀਜ਼ਾਂ ਉਸ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ਜੈਕਲੀਨ ਨੇ ਇਸ ਨੂੰ ਸਵੀਕਾਰ ਕਰਦੇ ਹੋਏ ਕਿਹਾ, ”ਮੈਂ ਬਹੁਤ ਨਰਮ ਸੁਭਾਅ ਵਾਲੀ ਹਾਂ ਅਤੇ ਮੈਨੂੰ ਬੁਰਾ ਲਗਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਮੈਂ ਪ੍ਰਭਾਵਿਤ ਹੁੰਦੀ ਹਾਂ ਕਿਉਂਕਿ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਉਸ ਵਿਅਕਤੀ ‘ਤੇ ਸ਼ਾਇਦ ਮੇਰਾ ਬਹੁਤ ਹੀ ਨਕਾਰਾਤਮਕ ਪ੍ਰਭਾਵ ਪਿਆ ਹੈ। ਫ਼ਿਰ ਮੈਂ ਸੋਚਦੀ ਹਾਂ ਕਿ ਕਿਉਂ, ਮੈਂ ਕੀਤਾ ਕੀ ਹੈ?”
ਦੱਸਣਯੋਗ ਹੈ ਕਿ ਜੈਕਲੀਨ ਸੋਸ਼ਲ ਮੀਡੀਆ ‘ਤੇ ਬੇਹੱਦ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਸਰਗਰਮੀਆਂ ਬਾਰੇ ਆਪਣੇ ਫ਼ੈਨਜ਼ ਨੂੰ ਦੱਸਦੀ ਰਹਿੰਦੀ ਹੈ। ਜੈਕਲੀਨ ਦੇ ਇਨਸਟਾਗ੍ਰੈਮ ‘ਤੇ 2.8 ਕਰੋੜ ਤੋਂ ਜ਼ਿਆਦਾ ਅਤੇ ਟਵਿਟਰ ‘ਤੇ 1.3 ਕਰੋੜ ਤੋਂ ਉੱਪਰ ਫ਼ੈਨ ਫ਼ੋਲੋਅਰਜ਼ ਹਨ। ਦੂਜੇ ਪਾਸੇ, ਕਾਰਤਿਕ ਨੇ ਕਿਹਾ, ”ਮੇਰੇ ਲਈ 99 ਫ਼ੀਸਦੀ ਤਕ ਕੌਮੈਂਟਸ ਚੰਗੇ ਹੁੰਦੇ ਹਨ, ਪਰ ਦਸ ਵਿੱਚੋਂ ਦੋ ਤਾਂ ਨੈਗੇਟਿਵ ਹੁੰਦੇ ਹੀ ਹਨ।” ਜ਼ਿਕਰਯੋਗ ਹੈ ਕਿ ਇਸ ਵਕਤ ਜੈਕਲੀਨ ਫ਼ਰਨਾਂਡੀਜ਼ ਕਿਸੇ ਫ਼ਿਲਮ ‘ਚ ਕੰਮ ਨਹੀਂ ਕਰ ਰਹੀ।