ਕਲਪਨਾ ਕਰੋ ਸਮੁੰਦਰ ਦੀ ਲਹਿਰ ਉੱਠੀ ਅਤੇ ਮੁੜ ਕਦੇ ਵੀ ਹੇਠਾਂ ਬੈਠੀ ਹੀ ਨਾ, ਜਾਂ ਸੂਰਜ ਢੱਲਿਆ ਅਤੇ ਮੁੜ ਕੇ ਕਦੇ ਚੜ੍ਹਿਆ ਹੀ ਨਾ। ਅਜਿਹੇ ਮਨਹੂਸ ਅਤੇ ਉਦਾਸ ਖ਼ਿਆਲ ਕਿਉਂ? ਉਹ ਇਸ ਲਈ ਕਿਉਂਕਿ ਅਸੀਂ ਹਮੇਸ਼ਾ ਆਪਣੇ ਆਪ ਨੂੰ ਸਦੀਵੀ ਚਾਨਣ ਲਈ ਤਰਸਦਾ ਹੋਇਆ ਪਾਉਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਭ ਕੁੱਝ ਬਸ ਬਿਹਤਰੀਨ ਹੋਵੇ ਅਤੇ ਉਸੇ ਤਰ੍ਹਾਂ ਹੀ ਰਹੇ। ਫ਼ਿਰ, ਜੇ ਅਜਿਹਾ ਨਾ ਹੋ ਸਕੇ, ਅਸੀਂ ਸੋਚਦੇ ਹਾਂ ਕਿ ਜੋ ਚਲਾ ਗਿਐ ਉਹ ਕਦੇ ਵਾਪਿਸ ਨਹੀਂ ਪਰਤਣ ਵਾਲਾ, ਅਤੇ ਅਸੀਂ ਜ਼ਰੂਰ ਹੀ ਕੋਈ ਗ਼ਲਤੀ ਕੀਤੀ ਹੋਣੀ ਹੈ। ਮਲ੍ਹਮਾਂ ਨੂੰ, ਪਰ, ਲਾਜ਼ਮੀ ਤੌਰ ‘ਤੇ ਮੱਖੀਆਂ ਚਿੰਬੜਨਗੀਆਂ, ਠੀਕ ਉਸੇ ਤਰ੍ਹਾਂ ਜਿਵੇਂ ਫ਼ਾਇਦਿਆਂ ਦੇ ਰਾਹ ਵਿੱਚ ਨੁਕਸਾਨ ਆਉਣਗੇ। ਜੀਵਨ ਦੇ ਕੁਦਰਤੀ ਰਿਦਮਾਂ ਵਿੱਚ ਭਰੋਸਾ ਰੱਖੋ!
ਆਓ ਇੱਕ ਤਜਰਬਾ ਕਰ ਕੇ ਦੇਖੀਏ। ਮੈਂ ਇੱਕ ਨਿੰਬੂ ਬਾਰੇ ਸੋਚਦਾਂ, ਅਤੇ ਤੁਸੀਂ ਦੇਖਿਓ ਕਿ ਬੁੱਝ ਸਕਦੇ ਹੋ ਜਾਂ ਨਹੀਂ ਕਿ ਮੈਂ ਕੀ ਸੋਚਿਐ। ਤਿਆਰ ਓ? ਚਲੋ ਫ਼ਿਰ। ਕੀ ਕੁੱਝ ਆ ਰਿਹੈ ਤੁਹਾਡੇ ਦਿਮਾਗ਼ ਵਿੱਚ? ਬਹੁਤ ਖ਼ੂਬ! ਤੁਸੀਂ ਤਾਂ ਕਮਾਲ ਹੀ ਕਰ ‘ਤੀ! ਸੱਚਮੁੱਚ, ਉਹ ਨਿੰਬੂ ਹੀ ਸੀ! ਤੁਹਾਨੂੰ ਕਿਵੇਂ ਪਤਾ ਚੱਲਿਆ? ਜਾਂ, ਜੇ ਦੂਜੇ ਸ਼ਬਦਾਂ ਵਿੱਚ ਕਹਾਂ, ਤੁਹਾਨੂੰ ਇਹ ਜਾਣਨ ਲਈ ਕੋਈ ਜੋਤਸ਼ੀ ਜਾਂ ਮਨੋਵਿਗਿਆਨਕ ਹੋਣ ਦੀ ਲੋੜ ਨਹੀਂ ਕਿ ਕਿਸੇ ਦੂਸਰੇ ਦੇ ਮਨ ਵਿੱਚ ਕੀ ਚੱਲ ਰਿਹੈ। ਤੁਹਾਨੂੰ ਸਿਰਫ਼ ਇੰਨੀ ਕੁ ਪਰਵਾਹ ਕਰਨ ਦੀ ਲੋੜ ਹੈ ਕਿ ਬਿਲਕੁਲ ਹੀ ਪ੍ਰਤੱਖ ਸੰਕੇਤਾਂ ਨੂੰ ਤੁਸੀਂ ਪਛਾਣ ਸਕੋ। ਤੁਹਾਨੂੰ ਅਜਿਹਾ ਕਿਉਂ ਕਰਨਾ ਚਾਹੀਦੈ? ਖ਼ੈਰ, ਇਹ ਤਾਂ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਬਦਲੇ ਵਿੱਚ ਆਪਣਾ ਮਨ ਪੜ੍ਹਵਾਉਣਾ ਚਾਹੁੰਦੇ ਹੋ ਜਾਂ ਨਹੀਂ। ਸੰਵੇਦਨਸ਼ੀਲਤਾ ਸਫ਼ਲਤਾ ਦੀ ਕੂੰਜੀ ਹੈ!
ਹੱਥ ‘ਚ ਆਇਆ ਇੱਕ ਪੰਛੀ ਝਾੜੀਆਂ ‘ਚ ਛੁਪੇ ਦੋ ਨਾਲੋਂ ਘਾਟੇ ਵਾਲਾ ਸੌਦਾ ਕਦੋਂ ਹੁੰਦੈ? ਜਦੋਂ ਤੁਸੀਂ ਕਿਸੇ ਚਿੜਿਆਘਰ ਵਿੱਚ ਹੋਵੋ। ਜੇਕਰ ਅਜਿਹਾ ਹੈ ਤਾਂ ਕਦੇ ਨਾ ਕਦੇ, ਹੌਲੀ ਹੌਲੀ, ਉਹ ਦੋ ਪੰਛੀ ਵੀ ਤੁਹਾਨੂੰ ਲੱਭਦੇ ਲੱਭਦੇ ਝਾੜੀਆਂ ‘ਚੋਂ ਬਾਹਰ ਨਿਕਲ ਆਉਣਗੇ ਬਸ਼ਰਤੇ ਤੁਹਾਡੇ ਕੋਲ ਉਨ੍ਹਾਂ ਨੂੰ ਲਾਲਚ ਦੇਣ ਲਈ ਕੁੱਝ ਬੀਜ ਹੋਣ ਅਤੇ ਆਪਣੀਆਂ ਅਚਣਚੇਤੀਆਂ ਹਰਕਤਾਂ ਨਾਲ ਤੁਸੀਂ ਉਨ੍ਹਾਂ ਨੂੰ ਡਰਾ ਨਾ ਦਿਓ। ਰਹੀ ਗੱਲ ਤੁਹਾਡੇ ਹੱਥ ਵਿਚਲੇ ਪੰਛੀ ਦੀ? ਜੇ ਤਾਂ ਉਹ ਕੋਈ ਬਾਜ਼ ਜਾਂ ਗਿੱਧ ਐ ਤਾਂ ਉਹ ਜ਼ਰੂਰ ਉਨ੍ਹਾਂ ਵਿਚਾਰੇ ਖ਼ੂਬਸੂਰਤ ਚਿੱਟੇ ਕਬੂਤਰਾਂ ਨੂੰ ਭੈਅਭੀਤ ਕਰ ਕੇ ਤੁਹਾਡੇ ਤੋਂ ਦੂਰ ਭਜਾ ਦੇਵੇਗਾ ਜਿਹੜੇ ਉਂਝ ਤੁਹਾਡੇ ਵੱਲ ਆਕਰਸ਼ਿਤ ਹੋ ਸਕਦੇ ਹਨ। ਕੀ ਕੋਈ ਪਿਸ਼ਾਚ ਕਿਸੇ ਪਰੀ ਦਾ ਭੇਸ ਵਟਾਉਣ ਦੀ ਕੋਸ਼ਿਸ਼ ਕਰ ਰਿਹੈ? ਸ਼ਾਇਦ ਇਹ ਵੇਲਾ ਹੈ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਮੁੜ ਵਿਚਾਰਨ ਦਾ।
ਪਿਆਰ ਅਤੇ ਜੰਗ ਵਿੱਚ, ਕਹਿੰਦੇ ਨੇ, ਸਭ ਕੁੱਝ ਜਾਇਜ਼ ਹੁੰਦੈ। ਜੀ ਨਹੀਂ ਅਜਿਹਾ ਕੁੱਝ ਵੀ ਨਹੀਂ ਹੁੰਦਾ। ਅਜਿਹਾ ਹੋ ਵੀ ਕਿਵੇਂ ਸਕਦੈ? ਅਤੇ ਕਿਸੇ ਦੀ ਇਹ ਹਿੰਮਤ ਕਿੱਦਾਂ ਹੋਈ ਇਨ੍ਹਾਂ ਦੋ ਬਿਲਕੁਲ ਹੀ ਵੱਖਰੀਆਂ ਪ੍ਰਸਥਿਤੀਆਂ ਦੀ ਆਪਸ ਵਿੱਚ ਤੁਲਨਾ ਕਰੇ? ਜਾਂ ਹਾਲਤਾਂ ਦੀ? ਜਾਂ ਸਥਿਤੀਆਂ ਦੀ? ਕੀ ਪੁੱਛਿਆ ਨਿਯਮਿਤ ਕਾਨੂੰਨ ਹੁਣ ਕਿਉਂ ਲਾਗੂ ਨਹੀਂ ਹੁੰਦੇ? ਉਹ ਤਾਂ ਕਦੇ ਵੀ ਨਹੀਂ ਹੁੰਦੇ। ਅਸੀਂ ਕੇਵਲ ਸੋਚਦੇ ਹਾਂ ਕਿ ਉਹ ਹੁੰਦੇ ਹਨ। ਇਹ ਤਾਂ ਜਦੋਂ ਅਸੀਂ ਕਿਸੇ ਅਤਿਅੰਤ ਹੀ ਪ੍ਰਚੰਡ ਨਾਟਕ ਵਿੱਚ ਘਿਰ ਜਾਂਦੇ ਹਾਂ ਤਾਂ ਸਾਡੀਆਂ ਅੱਖਾਂ ਤੋਂ ਪਰਦਾ ਉਠਦੈ, ਅਤੇ ਸਾਨੂੰ ਅਹਿਸਾਸ ਹੁੰਦੈ ਕਿ ਕਿੰਨਾ ਵੱਡਾ ਢੌਂਗ ਰਚਾ ਰਹੇ ਸਾਂ ਅਸੀਂ। ਇਸ ਵਕਤ ਕੀ ਤਰਕਹੀਣ ਹੈ ਅਤੇ ਕੀ ਤਰਕਸ਼ੀਲ? ਚਲੋ, ਇੰਝ ਕਹਿ ਲਈਏ, ਜੇ ਤੁਸੀਂ ਸੋਚਦੇ ਹੋ ਤੁਸੀਂ ਇਸ ਬਾਰੇ ਪੱਕੇ ਤੌਰ ‘ਤੇ ਕੁੱਝ ਕਹਿ ਸਕਦੇ ਹੋ ਤਾਂ ਤੁਸੀਂ ਬਿਲਕੁਲ ਗ਼ਲਤ ਹੋ।
ਪੁਨਰਜਨਮ ਨੂੰ ਬਹੁਤ ਹੀ ਆਸਾਨੀ ਨਾਲ ਅਪ੍ਰਮਾਣਿਤ ਕੀਤਾ ਜਾ ਸਕਦੈ, ਪਰ ਕਦੇ ਕਦੇ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜਿਸ ਦਾ ਸਾਡੀ ਜ਼ਿੰਦਗੀ ‘ਤੇ ਫ਼ੌਰੀ ਅਤੇ ਡੂੰਘਾ ਅਸਰ ਪੈਂਦੈ। ਉਨ੍ਹਾਂ ਨੂੰ ਦੇਖ ਕੇ ਸਾਡੇ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਜਾਗਦੀ ਹੈ ਜਿਵੇਂ ਅਸੀਂ ਉਨ੍ਹਾਂ ਨੂੰ ਫ਼ਟੱਕ ਦੇਣੀ ਬਹੁਤ ਹੀ ਚੰਗੀ ਤਰ੍ਹਾਂ ਜਾਣ ਲਿਆ ਹੈ। ਜਦੋਂ ਤੁਹਾਡੇ ਜੀਵਨ ਵਿੱਚ ਅਜਿਹਾ ਬਹੁਤ ਜ਼ਿਆਦਾ ਹੋਣ ਲੱਗੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਸਹੀ ਰਸਤੇ ‘ਤੇ ਚੱਲ ਰਹੇ ਹੋ, ਅਤੇ ਤੁਹਾਡੀ ਭਾਈਚਾਰਕ ਸੋਚ ਬਹੁਤ ਮਜ਼ਬੂਤ ਹੈ। ਪਰ ਕਦੇ ਕਦਾਈਂ ਅਜਿਹਾ ਵੇਲਾ ਵੀ ਆਉਂਦੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚਲੇ ਸਾਰੇ ਰਿਸ਼ਤਿਆਂ ਬਾਰੇ ਸੋਚਦੇ ਹੋ ਅਤੇ ਆਪਣੇ ਆਪ ਨੂੰ ਪੁੱਛਦੇ ਹੋ ਕਿ ਉਨ੍ਹਾਂ ‘ਚੋਂ ਕਿਹੜੇ ਫ਼ਲਦਾਇਕ, ਅਤੇ ਨਿਭਾਣਯੋਗ ਹਨ ਅਤੇ ਕਿਹੜੇ ਬਸ ਡੰਗ ਟਪਾਊ ਅਤੇ ਸਰਸਰੀ। ਤੁਹਾਨੂੰ ਚੋਣ ਕਰਨ ਦਾ ਪੂਰਾ ਅਧਿਕਾਰ ਹੈ।