ਨਵੀਂ ਦਿੱਲੀ – ਕ੍ਰਿਕਟ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਹਮੇਸ਼ਾ ਰੋਮਾਂਚਕ ਹੁੰਦਾ ਹੈ। ਇਸ ਮੈਚ ਵਿੱਚ ਦੋਵਾਂ ਪੱਖਾਂ ਦੇ ਖਿਡਾਰੀਆਂ ਵਿਚਾਲੇ ਜ਼ਬਰਦਸਤ ਮੁਕਾਬਲੇਬਾਜ਼ੀ ਦੇਖਣ ਨੂੰ ਮਿਲਦੀ ਹੈ। ਮੈਦਾਨ ‘ਤੇ ਭਾਰਤੀ ਧਾਕੜ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਵਿਚਾਲੇ ਕੁੱਝ ਖ਼ਾਸ ਹੀ ਮੁਕਾਬਲੇਬਾਜ਼ੀ ਦੇਖਣ ਨੂੰ ਮਿਲਦੀ ਹੁੰਦੀ ਸੀ, ਪਰ ਇਹ ਦੋਹੇਂ ਖਿਡਾਰੀ ਮੈਦਾਨ ਤੋਂ ਬਾਹਰ ਇੱਕ ਦੂਜੇ ਦੇ ਬਹੁਤ ਚੰਗੇ ਦੋਸਤ ਹਨ। ਉਨ੍ਹਾਂ ਦੀ ਦੋਸਤੀ ਨਾਲ ਜੁੜਿਆ ਇੱਕ ਪਲ ਹਰਭਜਨ ਸਿੰਘ ਨੇ ਮੀਡੀਆ ਨਾਲ ਸਾਂਝਾ ਕੀਤਾ। ਹਰਭਜਨ ਨੇ ਦੱਸਿਆ ਕਿ ਅਖ਼ਤਰ ਨੇ ਇੱਕ ਵਾਰ ਮੈਚ ਤੋਂ ਪਹਿਲਾਂ ਆਪਣੇ ਪਰਿਵਾਰ ਲਈ ਟਿਕਟਾਂ ਮੰਗੀਆਂ ਸਨ।
ਭੱਜੀ ਨੇ ਦੱਸਿਆ, ”2011 ਵਿੱਚ ਮੈਂ ਮੈਚ ਤੋਂ ਪਹਿਲਾਂ ਸ਼ੋਇਬ ਨੂੰ ਮਿਲਿਆ ਅਤੇ ਉਸ ਦਾ ਪਰਿਵਾਰ ਵੀ ਨਾਲ ਸੀ। ਉਸ ਨੇ ਮੇਰੇ ਤੋਂ ਫ਼ਾਈਨਲ ਦੇ ਟਿਕਟ ਮੰਗੇ। ਮੈਂ ਪੁੱਛਿਆ ਇਨ੍ਹਾਂ ਟਿਕਟਾਂ ਦਾ ਤੁਸੀਂ ਕੀ ਕਰੋਗੇ ਕਿਉਂਕਿ ਮੈਚ ਤਾਂ ਭਾਰਤ ਜਿੱਤੇਗਾ, ਪਰ ਜੇਕਰ ਤੁਸੀਂ ਫ਼ਿਰ ਵੀ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ 2-4 ਟਿਕਟਾਂ ਦੇ ਦੇਵਾਂਗਾ।”
ਦਿਲਚਸਪ ਗੱਲ ਇਹ ਹੈ ਕਿ ਅਖ਼ਤਰ 2011 ਵਰਲਡ ਕੱਪ ਵਿੱਚ ਪਾਕਿਸਤਾਨ ਦੀ 15 ਮੈਂਬਰੀ ਟੀਮ ਦਾ ਹਿੱਸਾ ਸੀ। ਇਹ ਉਹੀ ਟੂਰਨਾਮੈਂਟ ਸੀ ਜਿਸ ਵਿੱਚ ਉਹ ਪਾਕਿਸਤਾਨ ਲਈ ਆਖ਼ਰੀ ਵਾਰ ਖੇਡਦਾ ਦਿਖਿਆ ਸੀ। ਉਸ ਨੂੰ ਮੋਹਾਲੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੈਮੀਫ਼ਾਈਨਲ ਮੁਕਾਬਲੇ ਲਈ ਪਲੇਇੰਗ ਇਲੈਵਨ ਵਿੱਚ ਨਹੀਂ ਸੀ ਚੁਣਿਆ ਗਿਆ ਜਿਸ ਕਾਰਨ ਸ਼ੋਇਬ ਨੇ ਭੱਜੀ ਤੋਂ ਬਿੰਦਰਾ ਸਟੇਡੀਅਮ ਮੋਹਾਲੀ ਦੇ ਪਾਸ ਮੰਗੇ ਤਾਂ ਜੋ ਉਹ ਸਟੈਂਡ ਵਿੱਚ ਬੈਠ ਕੇ ਆਪਣੇ ਪਰਿਵਾਰ ਨਾਲ ਮੈਚ ਦੇਖ ਸਕੇ।
ਇਸ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀਆਂ 85 ਦੌੜਾਂ ਦੀ ਮਦਦ ਨਾਲ ਨਿਰਧਾਰਿਤ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 260 ਦੌੜਾਂ ਬਣਾਈਆਂ ਸੀ, ਅਤੇ ਜਵਾਬ ਵਿੱਚ ਪਾਕਿਸਤਾਨ 231 ਦੌੜਾਂ ‘ਤੇ ਢੇਰ ਹੋ ਗਈ ਸੀ। ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ 2019 ਦਾ ਮੁਕਾਬਲਾ ਐਤਵਾਰ 16 ਜੂਨ ਨੂੰ ਮੈਨਚੈਸਟਰ ਦੇ ਓਲਡ ਟ੍ਰੈਫ਼ਰਡ ਮੈਦਾਨ ‘ਤੇ ਖੇਡਿਆ ਜਾਵੇਗਾ।