ਵਰੁਣ ਧਵਨ ਹੁਣ ਤਕ ਡਾਂਸ ‘ਤੇ ਆਧਾਰਿਤ ਇੱਕ ਸੁਪਰਹਿੱਟ ਫ਼ਿਲਮ ABCD 2 ਕਰ ਚੁੱਕਾ ਹੈ। ਛੇਤੀ ਹੀ ਉਹ ਅਜਿਹੀ ਹੀ ਇੱਕ ਹੋਰ ਫ਼ਿਲਮ ‘ਚ ਨਜ਼ਰ ਆਵੇਗਾ …
ਅਦਾਕਾਰ ਵਰੁਣ ਧਵਨ ਇੱਕ ਵਾਰ ਫ਼ਿਰ ਡਾਂਸ ਆਧਾਰਿਤ ਇੱਕ ਫ਼ਿਲਮ ‘ਚ ਕੰਮ ਕਰਦਾ ਨਜ਼ਰ ਆ ਸਕਦਾ ਹੈ। ਅਸਲ ‘ਚ ਵਰੁਣ ਅਤੇ ਸ਼ਰਧਾ ਕਪੂਰ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ABCD 2 ਦੀ ਕਹਾਣੀ ਵੀ ਹਿਪ-ਹੌਪ ਗਰੁੱਪ ਕਿੰਗ ਯੁਨਾਈਟਿਡ ਦੇ ਡਾਂਸ ਸਫ਼ਰ ‘ਤੇ ਫ਼ਿਲਮਾਈ ਗਈ ਸੀ। ਇਸ ਫ਼ਿਲਮ ‘ਚ ਵਰੁਨ ਧਵਨ ਨੇ ਕਿੰਗ ਯੁਨਾਈਟਿਡ ਗਰੁੱਪ ਦੇ ਲੀਡਰ ਸੁਰੇਸ਼ ਮੁਕੁੰਦ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਸੀ। ਹੁਣ ਵਰੁਣ ਦੇ ਹਿੱਸੇ ਇੱਕ ਹੋਰ ਡਾਂਸ ਆਧਾਰਿਤ ਫ਼ਿਲਮ ਆਈ ਹੈ।
ਅਸਲ ਵਿੱਚ ਅਮਰੀਕਾ ‘ਚ ਮੁੰਬਈ ਦੇ ਹਿਪ-ਹੌਪ ਕਿੰਗ ਯੁਨਾਈਟਿਡ ਗਰੁੱਪ ਦੀ ਦਮਦਾਰ ਜਿੱਤ ‘ਤੇ ਇੱਕ ਫ਼ਿਲਮ ਦੀ ਕਹਾਣੀ ਨੂੰ ਫ਼ਿਲਮਾਇਆ ਜਾਵੇਗਾ। ਕਿੰਗ ਯੁਨਾਈਟਿਡ ਗਰੁੱਪ ਨੇ ਕੁੱਝ ਸਮਾਂ ਪਹਿਲਾਂ ਅਮਰੀਕਨ ਰੀਐਲਿਟੀ ਸ਼ੋਅ ਵਰਲਡ ਆਫ਼ ਡਾਂਸ ‘ਚ ਖ਼ਿਤਾਬੀ ਜਿੱਤ ਹਾਸਿਲ ਕੀਤੀ ਸੀ। ਇਸ ਜਿੱਤ ਨਾਲ ਰਾਤੋ-ਰਾਤ ਕਿੰਗ ਯੁਨਾਈਟਿਡ ਗਰੁੱਪ ਵਿਸ਼ਵ ਪੱਧਰ ‘ਤੇ ਮਸ਼ਹੂਰ ਹੋ ਗਿਆ ਸੀ।
ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ‘ਚ ਦਿਲਚਸਪੀ ਦਿਖਾਉਂਦੇ ਹੋਏ ਬੌਲੀਵੁਡ ਪ੍ਰੋਡਿਊਸਰ ਸ਼ੈਲੇਂਦਰ ਸਿੰਘ ਨੇ ਇਸ ਜਿੱਤ ਦੀ ਕਹਾਣੀ ਨੂੰ ਪਰਦੇ ‘ਤੇ ਦਿਖਾਉਣ ਬਾਰੇ ਸੋਚਿਆ ਹੈ। ਸ਼ੈਲੇਂਦਰ ਨੇ ਕਿੰਗ ਯੁਨਾਈਟਿਡ ਗਰੁੱਪ ਤੋਂ ਰਾਈਟਸ ਖ਼ਰੀਦ ਲਏ ਹਨ, ਅਤੇ ਫ਼ਿਲਮ ਦੀ ਸਕ੍ਰਿਪਟ ‘ਤੇ ਵੀ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਫ਼ਿਲਮ ‘ਚ ਵੀ ਵਰੁਣ ਹੀ ਸੁਦੇਸ਼ ਮੁਕੁੰਦ ਦੀ ਭੂਮਿਕਾ ‘ਚ ਇੱਕ ਵਾਰ ਫ਼ਿਰ ਨਜ਼ਰ ਆਏਗਾ।