ਲੰਡਨ – ਵਿਸ਼ਵ ਕੱਪ ‘ਚ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਦੱਖਣੀ ਅਫ਼ਰੀਕਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦੱਖਣੀ ਅਫ਼ਰੀਕਾ ਦੀ ਗੇਂਦਾਬਜ਼ੀ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੇ ਤੇਜ਼ ਗੇਂਦਬਾਜ਼ ਡੇਲ ਸਟੇਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਸਟੇਨ ਮੋਡੇ ਦੀ ਸੱਟ ਤੋਂ ਪੂਰੀ ਤਰਾਂ ਠੀਕ ਹੋਣ ‘ਚ ਨਾਕਾਮ ਰਹਿਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ। ਸਟੇਨ ਨੇ ਇਸ ਤੋਂ ਪਹਿਲਾਂ ਗੋਡੇ ‘ਚ ਸੱਟ ਕਾਰਨ ਦੱਖਣੀ ਅਫ਼ਰੀਕਾ ਵਲੋਂ ਪਹਿਲੇ ਦੋ ਮੈਚ ਵੀ ਨਹੀਂ ਸਨ ਖੇਡੇ। ਇਨ੍ਹਾਂ ਦੋਹਾਂ ਮੈਚਾਂ ‘ਚ ਦੱਖਣੀ ਅਫ਼ਰੀਕੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦੱਖਣੀ ਅਫ਼ਰੀਕਾ ਨੇ ਮੁਕਾਬਲੇ ਦੀ ਤਕਨੀਕੀ ਕਮੇਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸਟੇਨ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਿਊਰੌਨ ਹੈਂਡਰਿਕਸ ਨੂੰ ਟੀਮ ‘ਚ ਸ਼ਾਮਿਲ ਕੀਤਾ ਹੈ।
35 ਸਾਲ ਦੇ ਸਟੇਨ ਦਾ ਮੋਢਾ IPL ਦੌਰਾਨ ਦੂਜੀ ਵਾਰ ਜ਼ਖ਼ਮੀ ਹੋ ਗਿਆ ਸੀ। ਉਸ ਨੇ IPL ‘ਚ ਰੌਇਲ ਚੈਲੇਂਜਰਜ਼ ਬੈਂਗਲੂਰੂ ਵਲੋਂ ਦੋ ਮੈਚ ਖੇਡੇ ਸਨ। ਮੀਡੀਆ ਰਿਪੋਰਟ ਮੁਤਾਬਿਕ ”ICC ਨੇ ਪੁੱਸ਼ਟੀ ਕੀਤੀ ਹੈ ਕਿ ਵਿਸ਼ਵ ਕੱਪ 2019 ਦੇ ਮੁਕਾਬਲੇ ਦੀ ਤਕਨੀਕੀ ਕਮੇਟੀ ਨੇ ਬਾਕੀ ਟੂਰਨਾਮੈਂਟ ਲਈ ਦੱਖਣੀ ਅਫ਼ਰੀਕੀ ਟੀਮ ‘ਚ ਡੇਲ ਸਟੇਨ ਦੀ ਜਗ੍ਹਾ ‘ਤੇ ਬਿਊਰੌਨ ਹੈਂਡਰਿਕਸ ਨੂੰ ਸ਼ਾਮਿਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।